HomeCanadaਮੇਅਰ ਬ੍ਰੈਂਡਾ ਲੌਕ ਵੱਲੋਂ ਕਲੋਵਰਡੇਲ ਦੇ ਸਨਰਿਜ ਪਾਰਕ ਦਾ ਦੌਰਾ

ਮੇਅਰ ਬ੍ਰੈਂਡਾ ਲੌਕ ਵੱਲੋਂ ਕਲੋਵਰਡੇਲ ਦੇ ਸਨਰਿਜ ਪਾਰਕ ਦਾ ਦੌਰਾ

ਸਰੀ, 18 ਸਤੰਬਰ (ਰਵੀ ਕਾਂਤ ਸ਼ਰਮਾ) — ਸਰੀ ਦੀ ਮੇਅਰ ਬ੍ਰੈਂਡਾ ਲੌਕ ਵੱਲੋਂ ਕਲੋਵਰਡੇਲ ਸਥਿਤ ਸਨਰਿਜ ਕਮਿਊਨਿਟੀ ਪਾਰਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪਾਰਕ ਦੀ ਵਰਤੋਂ ਕਰਨ ਵਾਲੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਪਾਰਕ ਦੀਆਂ ਮੌਜੂਦਾ ਸਹੂਲਤਾਂ, ਭਵਿੱਖ ਵਿੱਚ ਲੋੜੀਂਦੇ ਸੁਧਾਰਾਂ ਅਤੇ ਕਮਿਊਨਿਟੀ ਦੀਆਂ ਜ਼ਰੂਰਤਾਂ ਬਾਰੇ ਵਿਚਾਰ-ਚਰਚਾ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਇੱਕ ਵਧੀਆ ਸ਼ਹਿਰ ਸਿਰਫ਼ ਇਮਾਰਤਾਂ ਅਤੇ ਸੜਕਾਂ ਨਾਲ ਨਹੀਂ ਬਣਦਾ, ਸਗੋਂ ਲੋਕਾਂ ਦੇ ਇਕੱਠੇ ਹੋਣ, ਇੱਕ-ਦੂਜੇ ਨਾਲ ਸਮਾਂ ਬਿਤਾਉਣ ਅਤੇ ਕਮਿਊਨਿਟੀ ਨੂੰ ਮਜ਼ਬੂਤ ਕਰਨ ਨਾਲ ਬਣਦਾ ਹੈ। ਉਨ੍ਹਾਂ ਕਿਹਾ ਕਿ ਸਨਰਿਜ ਪਾਰਕ ਇਲਾਕੇ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਸਥਾਨ ਹੈ ਅਤੇ ਉਹ ਪਾਰਕ ਦੀ ਵਰਤੋਂ ਕਰਨ ਵਾਲੇ ਲੋਕਾਂ ਤੋਂ ਜਾਣਨਾ ਚਾਹੁੰਦੇ ਹਨ ਕਿ ਉਹ ਭਵਿੱਖ ਵਿੱਚ ਇੱਥੇ ਕਿਹੜੀਆਂ ਸਹੂਲਤਾਂ ਅਤੇ ਤਬਦੀਲੀਆਂ ਦੇਖਣਾ ਚਾਹੁੰਦੇ ਹਨ।

ਮੇਅਰ ਲੌਕ ਨੇ ਕਿਹਾ ਕਿ ਕਮਿਊਨਿਟੀ ਵੱਲੋਂ ਰੱਖੀਆਂ ਜਾਣ ਵਾਲੀਆਂ ਮੰਗਾਂ ਅਤੇ ਲੋੜਾਂ ਨੂੰ ਸਮਝਣਾ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਮੌਜੂਦ ਕਮਿਊਨਿਟੀ ਮੈਂਬਰਾਂ ਨੇ ਦੱਸਿਆ ਕਿ ਸਨਰਿਜ ਪਾਰਕ ਵਿੱਚ ਸੀਨੀਅਰਾਂ ਦਾ ਵੱਡਾ ਗਰੁੱਪ ਨਿਯਮਿਤ ਤੌਰ ’ਤੇ ਇਕੱਠਾ ਹੁੰਦਾ ਹੈ। ਇਸ ਤੋਂ ਇਲਾਵਾ ਮਹਿਲਾਵਾਂ ਅਤੇ ਬੱਚੇ ਵੀ ਪਾਰਕ ਵਿੱਚ ਆਉਂਦੇ ਹਨ ਅਤੇ ਇੱਥੇ ਬੈਠ ਕੇ ਆਪਸ ਵਿੱਚ ਸਮਾਂ ਬਿਤਾਉਂਦੇ ਹਨ। ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਰਕ ਵਿੱਚ ਬੈਠਣ ਲਈ ਬੈਂਚਾਂ ਅਤੇ ਹੋਰ ਸਹੂਲਤਾਂ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਕੁਝ ਮੰਗਾਂ ਪੂਰੀਆਂ ਕੀਤੀਆਂ ਗਈਆਂ ਹਨ।

ਕਮਿਊਨਿਟੀ ਮੈਂਬਰਾਂ ਨੇ ਦੱਸਿਆ ਕਿ ਹੁਣ ਪਾਰਕ ਵਿੱਚ ਵਾਧੂ ਵਾਸ਼ਰੂਮ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਕ ਵਿੱਚ ਨਿਯਮਿਤ ਤੌਰ ’ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ, ਜਿਸ ਕਾਰਨ ਵਾਸ਼ਰੂਮ ਦੀ ਸਹੂਲਤ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਮੰਗ ਨੂੰ ਵੀ ਮੇਅਰ ਦੇ ਧਿਆਨ ਵਿੱਚ ਲਿਆਂਦਾ ਗਿਆ।

ਇਸ ਮੌਕੇ ਮੇਅਰ ਬ੍ਰੈਂਡਾ ਲੌਕ ਨੇ ਸਰੀ ਵਿੱਚ ਚੱਲ ਰਹੇ ਅਤੇ ਆਉਣ ਵਾਲੇ ਵੱਖ-ਵੱਖ ਪ੍ਰਾਜੈਕਟਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਲੋਵਰਡੇਲ ਇਲਾਕੇ ਵਿੱਚ ਆਉਣ ਵਾਲੇ ਨਵੇਂ ਸਵਿਮਿੰਗ ਪੂਲ ਅਤੇ ਸਿਟੀ ਸੈਂਟਰ ਖੇਤਰ ਵਿੱਚ ਵੱਡੇ ਅਰੀਨਾ ਪ੍ਰਾਜੈਕਟ ਸਮੇਤ ਹੋਰ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ। ਉਨ੍ਹਾਂ ਪਬਲਿਕ ਟਰਾਂਜ਼ਿਟ ਨੂੰ ਵੀ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਸ ਕਮਿਊਨਿਟੀ ਵਿੱਚ ਟਰਾਂਜ਼ਿਟ ਸੇਵਾ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ਹੈ।

ਪ੍ਰਾਪਰਟੀ ਟੈਕਸ ਬਾਰੇ ਮੇਅਰ ਲੌਕ ਦਾ ਬਿਆਨ

ਪੱਤਰਕਾਰਾਂ ਵੱਲੋਂ ਪ੍ਰਾਪਰਟੀ ਟੈਕਸਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਟੈਕਸਾਂ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਰੱਖਣ ਲਈ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਟੈਕਸ ਵਾਧੇ ਨੂੰ 2 ਫੀਸਦੀ ਤੋਂ ਕਾਫ਼ੀ ਹੇਠਾਂ ਰੱਖਣ ਦੀ ਵਚਨਬੱਧਤਾ ਹੈ।

ਚਾਰ ਸਾਲਾਂ ਲਈ ਟੈਕਸਾਂ ਵਿੱਚ ਜ਼ੀਰੋ ਵਾਧੇ ਦੇ ਵਾਅਦੇ ਬਾਰੇ ਲੌਕ ਨੇ ਕਿਹਾ ਕਿ ਭਵਿੱਖ ਦੀਆਂ ਸਥਿਤੀਆਂ ਦੀ ਪਹਿਲਾਂ ਤੋਂ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਦੁਨੀਆ ਭਰ ਵਿੱਚ ਹਾਲਾਤ ਚੁਣੌਤੀਪੂਰਨ ਹਨ ਅਤੇ ਉਹ ਲੋਕਾਂ ਨਾਲ ਅਜਿਹਾ ਵਾਅਦਾ ਨਹੀਂ ਕਰਨਾ ਚਾਹੁੰਦੀ ਜਿਸ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹ ਪ੍ਰਾਪਰਟੀ ਟੈਕਸਾਂ ਨੂੰ ਜਿੰਨਾ ਹੋ ਸਕੇ ਘੱਟ ਰੱਖਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ।

ਕੌਂਸਲਰ ਹੈਰੀ ਬੈਂਸ ਵੱਲੋਂ ਵਿਕਾਸ ਕਾਰਜਾਂ ਦਾ ਜ਼ਿਕਰ

ਇਸ ਮੌਕੇ ਮੌਜੂਦਾ ਕੌਂਸਲਰ ਹੈਰੀ ਬੈਂਸ ਨੇ ਮੇਅਰ ਬ੍ਰੈਂਡਾ ਲੌਕ ਦੀ ਅਗਵਾਈ ਹੇਠ ਹੁਣ ਤੱਕ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮੁੜ ਹੋਣ ਜਾ ਰਹੀਆਂ ਸਰੀ ਸਿਟੀ ਕੌਂਸਲ ਚੋਣਾਂ ਦੌਰਾਨ ਮੇਅਰ ਬ੍ਰੈਂਡਾ ਲੌਕ ਅਤੇ ਉਨ੍ਹਾਂ ਦੀ ਟੀਮ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।

ਕਮਿਊਨਿਟੀ ਮੈਂਬਰਾਂ ਵੱਲੋਂ ਵੀ ਸਰੀ ਵਿੱਚ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਗਿਆ ਅਤੇ ਪਾਰਕਾਂ, ਸੜਕਾਂ, ਕਮਿਊਨਿਟੀ ਸਹੂਲਤਾਂ, ਸਵਿਮਿੰਗ ਪੂਲ ਅਤੇ ਹੋਰ ਪ੍ਰਾਜੈਕਟਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਜੀਤ ਸਿੰਘ ਸਮਰਾ, ਜਗਤਾਰ ਸਿੰਘ ਵਿਰਕ, ਸੁਖਦੇਵ ਸਿੰਘ, ਗਿਰਦਾਵਰ ਸਿੰਘ, ਗੁਰਦਿਆਲ ਸਿੰਘ, ਦਰਸ਼ਨ ਸਿੰਘ ਔਲਖ, ਬਲਬੀਰ ਸਿੰਘ, ਦਵਿੰਦਰ ਸਿੰਘ ਅਤੇ ਗੈਰੀ ਸਿੰਘ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments