ਸਰੀ, 25 ਅਗਸਤ (ਰਵੀ ਕਾਂਤ)- ਸਿੱਖ ਵਿਰਾਸਤ ਅਤੇ ਪੁਰਾਤਨ ਯੁੱਧ ਕਲਾ ਨੂੰ ਸੰਭਾਲਣ ਦੇ ਉਦੇਸ਼ ਨਾਲ ਅਕਾਲ ਖ਼ਾਲਸਾ ਮਾਰਸ਼ਲ ਆਰਟ ਵੱਲੋਂ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋ ਰੋਜ਼ਾ ‘ਸਿੱਖ ਵਾਰੀਅਰ-2026’ ਮੁਕਾਬਲੇ ਕਰਵਾਏ ਗਏ। ਪੁਰਾਤਨ ਅਤੇ ਮੌਜੂਦਾ ਸ਼ਹੀਦਾਂ ਨੂੰ ਸਮਰਪਿਤ ਇਨ੍ਹਾਂ ਮੁਕਾਬਲਿਆਂ ਵਿੱਚ ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਅਤੇ ਅਮਰੀਕਾ ਤੋਂ ਕਰੀਬ 100 ਬੱਚਿਆਂ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਖ਼ਾਲਸਾਈ ਬਾਣੇ ਵਿੱਚ ਸਜੇ ਬੱਚਿਆਂ ਨੇ ਘੋੜ ਸਵਾਰੀ, ਤੀਰਅੰਦਾਜ਼ੀ, ਨੇਜ਼ੇਬਾਜ਼ੀ, ਕਿੱਲੇ ਪੁੱਟਣ ਅਤੇ ਪੁਰਾਤਨ ਸ਼ਸਤਰ ਵਿੱਦਿਆ ਦੇ ਮੁਕਾਬਲਿਆਂ ਵਿੱਚ ਆਪਣੇ ਜੌਹਰ ਦਿਖਾਏ। ਘੋੜਿਆਂ ਦੀਆਂ ਕਾਠੀਆਂ ’ਤੇ ਸਵਾਰ ਹੋ ਕੇ ਤੀਰ ਚਲਾਉਣ ਅਤੇ ਨੇਜ਼ੇਬਾਜ਼ੀ ਦੇ ਪ੍ਰਦਰਸ਼ਨਾਂ ਤੋਂ ਇਲਾਵਾ ਕਿਰਪਾਨ, ਖੰਡਾ, ਤੀਰ-ਕਮਾਨ, ਨੇਜ਼ਾ ਅਤੇ ਹੋਰ ਸ਼ਸਤਰ ਚਲਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਨੀਲੇ ਅਤੇ ਕੇਸਰੀ ਬਾਣਿਆਂ ਵਿੱਚ ਸਜੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਜੌਹਰਾਂ ਨੇ ਸਮਾਗਮ ਦੌਰਾਨ ਖ਼ਾਲਸਾਈ ਰੰਗ ਬੰਨ੍ਹ ਦਿੱਤਾ।
ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ‘ਰਣ ਦੇ ਸੂਰਮੇ’, ‘ਜੋਧੇ’, ‘ਤੱਤ ਖ਼ਾਲਸੇ’, ‘ਨਿਪੁੰਨ ਜੋਧੇ’, ‘ਸਿੱਖ ਵਾਰੀਅਰ’, ‘ਸਿੰਘ ਸੂਰਮੇ’ ਅਤੇ ‘ਕੌਰ ਵਾਰੀਅਰ’ ਸਮੇਤ ਵੱਖ-ਵੱਖ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਗੋਲਡਨ ਤੇ ਚਾਂਦੀ ਦੀਆਂ ਢਾਲਾਂ, ਕਿਰਪਾਨਾਂ, ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਅਤੇ ਹੁੱਡੀਆਂ ਵੀ ਇਨਾਮ ਵਜੋਂ ਦਿੱਤੀਆਂ ਗਈਆਂ।
ਮੁੱਖ ਪ੍ਰਬੰਧਕ ਭਾਈ ਜਗਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਹਿਯੋਗੀ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਾ ਹਰ ਵਿਦਿਆਰਥੀ ਖ਼ਾਲਸਾਈ ਜੋਧਾ ਹੈ। ਕੋਆਰਡੀਨੇਟਰ ਮਿਲਨਜੀਤ ਕੌਰ ਖ਼ਾਲਸਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਕਰੀਬ 100 ਬੱਚਿਆਂ ਨੇ ਭਾਗ ਲਿਆ।
ਇਸ ਮੌਕੇ ਗੁਰਦੀਪ ਸਿੰਘ ਸਮਰਾ, ਭਾਈ ਜਸਵੀਰ ਸਿੰਘ, ਅਮਨਦੀਪ ਸਿੰਘ ਗਰਚਾ, ਦਿਵਿਆਦੀਪ ਸਿੰਘ, ਨਵਕਿਰਨ ਸਿੰਘ, ਭਾਈ ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਵਿਨੀਪੈਗ, ਹਰਜਾਪ ਸਿੰਘ, ਗੁਰਸੇਵਕ ਸਿੰਘ, ਹਰਮਨ ਸਿੰਘ, ਭਾਈ ਜੋਬਨਦੀਪ ਸਿੰਘ, ਰੁਪਿੰਦਰ ਸਿੰਘ ਰੂਪੀ ਅਤੇ ਦਲਜੀਤ ਸਿੰਘ ਸਮੇਤ ਹੋਰ ਪ੍ਰਬੰਧਕ ਹਾਜ਼ਰ ਸਨ। ਸਮਾਗਮ ਦੀ ਕਵਰੇਜ ਕਰਨ ਵਾਲੇ ਮੀਡੀਆ ਨੁਮਾਇੰਦਿਆਂ ਜੋਗਿੰਦਰ ਸਿੰਘ, ਮਲਕੀਤ ਸਿੰਘ (ਅਦਾਰਾ ‘ਅਜੀਤ’), ਰਵੀ ਕਾਂਤ (ਚੜ੍ਹਦੀ ਕਲਾ ਟਾਈਮ ਟੀ.ਵੀ., ਨਾਰਥ ਅਮਰੀਕਾ) ਅਤੇ ਨਿਰੰਜਨ ਸਿੰਘ ਲੇਹਲ ਨੂੰ ਵੀ ਸਨਮਾਨਿਤ ਕੀਤਾ ਗਿਆ।



