HomeCanadaਸਰੀ ’ਚ ਕੰਸਰਵੇਟਿਵ ਸਲੇਟ ਦੀ ਚੋਣ ਰੈਲੀ, ਵੱਡੀ ਗਿਣਤੀ ’ਚ ਸਮਰਥਕਾਂ ਤੇ...

ਸਰੀ ’ਚ ਕੰਸਰਵੇਟਿਵ ਸਲੇਟ ਦੀ ਚੋਣ ਰੈਲੀ, ਵੱਡੀ ਗਿਣਤੀ ’ਚ ਸਮਰਥਕਾਂ ਤੇ ਸਹਿਯੋਗੀਆਂ ਨੇ ਕੀਤੀ ਸ਼ਿਰਕਤ

ਸਰੀ, ਅਕਤੂਬਰ (ਰਵੀ ਕਾਂਤ ਸ਼ਰਮਾ)- ਸਰੀ ਸਿਟੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਤੇਜ਼ ਹੋ ਗਿਆ ਹੈ। 17 ਅਕਤੂਬਰ ਨੂੰ ਹੋਣ ਵਾਲੀਆਂ ਸਰੀ ਮਿਊਂਸਪਲ ਚੋਣਾਂ ਲਈ ਵੱਖ-ਵੱਖ ਸਲੇਟਾਂ ਦੇ ਉਮੀਦਵਾਰਾਂ ਵੱਲੋਂ ਰੈਲੀਆਂ, ਮੀਟਿੰਗਾਂ ਅਤੇ ਲੋਕਾਂ ਨਾਲ ਸੰਪਰਕ ਕਰਨ ਦਾ ਸਿਲਸਿਲਾ ਜਾਰੀ ਹੈ।

ਇਸੇ ਕੜੀ ਤਹਿਤ ਪਾਇਲ ਬਿਜ਼ਨਸ ਸੈਂਟਰ ਵਿੱਚ ਸਥਿਤ ਇੰਪ੍ਰੈਸ ਬੈਂਕੁਇਟ ਹਾਲ ਵਿਖੇ ਕੰਸਰਵੇਟਿਵ ਸਲੇਟ ਦੇ ਉਮੀਦਵਾਰਾਂ ਵੱਲੋਂ ਚੋਣ ਰੈਲੀ ਕੀਤੀ ਗਈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮਰਥਕਾਂ ਅਤੇ ਸਹਿਯੋਗੀਆਂ ਨੇ ਸ਼ਿਰਕਤ ਕੀਤੀ। ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਚੱਲੇ ਸਮਾਗਮ ਦੌਰਾਨ ਕੌਂਸਲ ਉਮੀਦਵਾਰਾਂ ਨੇ ਆਪਣੇ ਵਿਚਾਰ ਰੱਖਦਿਆਂ ਵੋਟਰਾਂ ਨਾਲ ਆਪਣੇ ਮੁੱਦਿਆਂ ਅਤੇ ਚੋਣ ਵਾਅਦਿਆਂ ਬਾਰੇ ਗੱਲਬਾਤ ਕੀਤੀ।

ਕੰਸਰਵੇਟਿਵ ਪਾਰਟੀ ਆਫ਼ ਸਰੀ ਦੇ ਮੇਅਰ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਸਰੀ ਵਿੱਚ ਟੈਕਸ ਦੇ ਪੈਸੇ ਦੀ ਵਰਤੋਂ, ਜਨਤਕ ਸਹੂਲਤਾਂ ਅਤੇ ਸ਼ਹਿਰ ਦੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦੇ ਉਠਾਏ। ਰੰਧਾਵਾ ਨੇ ਪਿਛਲੇ ਪ੍ਰਸ਼ਾਸਨਾਂ ਦੇ ਕੁਝ ਫ਼ੈਸਲਿਆਂ ’ਤੇ ਸਵਾਲ ਉਠਾਉਂਦਿਆਂ ਆਪਣੇ ਸਲੇਟ ਦੇ ਉਮੀਦਵਾਰਾਂ ਲਈ ਸਮਰਥਨ ਦੀ ਅਪੀਲ ਕੀਤੀ। ਸਰੀ ਸਿਟੀ ਦੇ ਅਧਿਕਾਰਤ ਰਿਕਾਰਡ ਮੁਤਾਬਕ ਰੰਧਾਵਾ 2026 ਦੀ ਮੇਅਰ ਚੋਣ ਵਿੱਚ ਕੰਸਰਵੇਟਿਵ ਸਲੇਟ ਦੇ ਉਮੀਦਵਾਰ ਹਨ।

ਰੰਧਾਵਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਰੀ ਵਿੱਚ ਹਿੰਸਕ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ, ਕਾਰੋਬਾਰੀਆਂ ਅਤੇ ਬਿਲਡਰਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਨ, ਬਜ਼ੁਰਗਾਂ ਲਈ ਵਾਸ਼ਰੂਮ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਚੁਣੇ ਹੋਏ ਕੌਂਸਲਰਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਦੀ ਮੁਹਿੰਮ ਵੱਲੋਂ ਟੈਕਸ ਘਟਾਉਣ, ਸੁਰੱਖਿਆ ਅਤੇ ਜਵਾਬਦੇਹੀ ਨੂੰ ਵੀ ਆਪਣੇ ਮੁੱਖ ਮੁੱਦਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਮੌਕੇ ਕੌਂਸਲ ਉਮੀਦਵਾਰ ਹਰਕੀਰਤ ਸੰਧੂ, ਰਿਕੀ ਬਾਜਵਾ, ਕੋਰਡਰ ਪੁਲਰ, ਮੰਨੂ ਸ਼ਰਮਾ, ਜੇਵਡ ਮਹਿਨਾਜ, ਕੈਲਵਨ ਵੈਂਡਰ ਪਲੋਗ, ਡੋਨਾ ਵੂ ਅਤੇ ਕਾਰਲੋਜ ਡੈਨਬੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਗੈਰੀ ਥਿੰਦ, ਮਨਦੀਪ, ਰਾਜਦੀਪ ਸਿੰਘ ਰੰਧਾਵਾ, ਸੁਖਮਨ ਸੰਧੂ, ਮਨਜੀਤ ਸਿੰਘ, ਜੈਸੀ ਗਰੇਵਾਲ, ਤੇਜਿੰਦਰ, ਕੈਵਿਨ, ਤਜਿੰਦਰ ਸਿੰਘ, ਹਰਵਿੰਦਰ ਸਿੰਘ ਜੱਸੜ, ਅਮਨਦੀਪ ਸਿੰਘ ਭਾਟੀ, ਨਵਪ੍ਰੀਤ ਸਿੰਘ ਭੰਗੂ, ਕਰਮਜੀਤ ਸਿੰਘ ਬਰਾੜ ਅਤੇ ਮਨਜਿੰਦਰ ਸਿੰਘ ਬਲਿੰਗ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

ਰੈਲੀ ਦੇ ਅੰਤ ਵਿੱਚ ਪੰਜਾਬੀ ਗਾਇਕਾਂ ਬੰਨੀ ਜੋਹਲ, ਸੰਦੀਪ ਬਰਾੜ, ਸੁਰਿੰਦਰ ਭਲਵਾਨ (ਰਕਬਾ) ਅਤੇ ਨਰਿੰਦਰ ਡੰਡੇਵਾਲ ਵੱਲੋਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਦਾ ਹਾਜ਼ਰ ਸਰੋਤਿਆਂ ਨੇ ਆਨੰਦ ਮਾਣਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments