HomeCanadaਬਰਨਬੀ ਮਿਊਂਸਪਲ ਚੋਣਾਂ ਲਈ ਨਿਊ ਬਰਨਬੀ ਪਾਰਟੀ ਵੱਲੋਂ 8 ਮੁੱਖ ਮੁੱਦਿਆਂ ’ਤੇ...

ਬਰਨਬੀ ਮਿਊਂਸਪਲ ਚੋਣਾਂ ਲਈ ਨਿਊ ਬਰਨਬੀ ਪਾਰਟੀ ਵੱਲੋਂ 8 ਮੁੱਖ ਮੁੱਦਿਆਂ ’ਤੇ ਚੋਣ ਮਨੋਰਥ ਪੱਤਰ ਜਾਰੀ

ਬਰਨਬੀ, ਸਤੰਬਰ (ਰਵੀ ਕਾਂਤ ਸ਼ਰਮਾ) — ਬਰਨਬੀ ਦੀਆਂ ਆਉਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ਨਿਊ ਬਰਨਬੀ ਪਾਰਟੀ (NBP) ਵੱਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ। ਪਾਰਟੀ ਅਨੁਸਾਰ ਇਹ ਪਲੇਟਫਾਰਮ ਬਰਨਬੀ ਵਾਸੀਆਂ ਨਾਲ ਕੀਤੀਆਂ ਗੱਲਬਾਤਾਂ ਅਤੇ ਸਲਾਹ-ਮਸ਼ਵਰਿਆਂ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਪਾਰਟੀ ਨੇ ਆਪਣੇ ਪਲੇਟਫਾਰਮ ਵਿੱਚ 8 ਮੁੱਖ ਖੇਤਰਾਂ ਨੂੰ ਤਰਜੀਹ ਦਿੱਤੀ ਹੈ।

ਪਬਲਿਕ ਸੇਫ਼ਟੀ: ਪਾਰਟੀ ਵੱਲੋਂ ਜਨਤਕ ਥਾਵਾਂ ਅਤੇ ਸਰਕਾਰੀ ਫੰਡਾਂ ਨਾਲ ਚੱਲ ਰਹੀ ਹਾਊਸਿੰਗ ਵਿੱਚ ਗੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ ’ਤੇ ਪਾਬੰਦੀ ਦੀ ਗੱਲ ਕੀਤੀ ਗਈ ਹੈ। ਬਰਨਬੀ ਆਰਸੀਐਮਪੀ ਨਾਲ ਮਜ਼ਬੂਤ ਸਬੰਧ, ਪੁਲਿਸ ਦੀ ਟ੍ਰੇਨਿੰਗ ਅਤੇ ਮਨੋਬਲ ਨੂੰ ਮਜ਼ਬੂਤ ਕਰਨ ਦੇ ਨਾਲ ਟ੍ਰੈਫਿਕ ਹਾਦਸਿਆਂ ਨੂੰ ਘਟਾਉਣ ਲਈ ਚੱਲ ਰਹੇ ਪ੍ਰੋਜੈਕਟਾਂ ਨੂੰ ਜਾਰੀ ਰੱਖਣ ਦੀ ਗੱਲ ਵੀ ਪਲੇਟਫਾਰਮ ਵਿੱਚ ਸ਼ਾਮਲ ਹੈ। ਪਾਰਟੀ ਨੇ ਸਮੱਸਿਆਜਨਕ ਨਸ਼ਾ ਵਰਤੋਂ ਵਾਲੇ ਲੋਕਾਂ ਲਈ ਮੈਡੀਕਲ ਇਲਾਜ ਅਤੇ ਰਿਕਵਰੀ ਸਹੂਲਤਾਂ ਦੀ ਵਕਾਲਤ ਕਰਨ ਦੀ ਗੱਲ ਕਹੀ ਹੈ।

ਟੈਕਸ ਅਤੇ ਕਿਫਾਇਤੀਪਣ: ਨਿਊ ਬਰਨਬੀ ਪਾਰਟੀ ਨੇ ਆਪਣੇ ਪਹਿਲੇ ਬਜਟ ਵਿੱਚ ਸਿਟੀ ਪ੍ਰਾਪਰਟੀ ਟੈਕਸ ਵਿੱਚ 0 ਫ਼ੀਸਦੀ ਵਾਧੇ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਚਾਰ ਸਾਲਾਂ ਦੌਰਾਨ ਸਿਟੀ ਪ੍ਰਾਪਰਟੀ ਟੈਕਸ ਵਿੱਚ ਵਾਧਾ ਮਹਿੰਗਾਈ ਦਰ ਤੋਂ ਵੱਧ ਨਾ ਹੋਣ ਦੇਣ ਦੀ ਗੱਲ ਕੀਤੀ ਗਈ ਹੈ। ਪਾਰਟੀ ਨੇ ਵਿੱਤੀ ਸੰਜਮ ਨੂੰ ਆਪਣਾ ਇੱਕ ਮਾਰਗਦਰਸ਼ਕ ਸਿਧਾਂਤ ਦੱਸਿਆ ਹੈ। ਪਲੇਟਫਾਰਮ ਵਿੱਚ ਮੌਜੂਦਾ ਪ੍ਰਸ਼ਾਸਨ ਦੀ ਵਿੱਤੀ ਯੋਜਨਾ ਸਬੰਧੀ 7 ਫ਼ੀਸਦੀ ਸਾਲਾਨਾ ਵਾਧੇ ਦਾ ਦਾਅਵਾ ਵੀ ਕੀਤਾ ਗਿਆ ਹੈ, ਜੋ ਪਾਰਟੀ ਦਾ ਆਪਣਾ ਦਾਅਵਾ ਹੈ।

ਕਾਰੋਬਾਰ ਅਤੇ ਰੋਜ਼ਗਾਰ: ਪਾਰਟੀ ਵੱਲੋਂ ਸਥਾਨਕ ਕਾਰੋਬਾਰਾਂ ਲਈ ਜ਼ੋਨਿੰਗ ਵਿੱਚ ਵਧੇਰੇ ਲਚਕਤਾ, ਨਵੇਂ ਕਾਰੋਬਾਰ ਅਤੇ ਹਾਈ-ਟੈਕ ਕੰਪਨੀਆਂ ਨੂੰ ਆਕਰਸ਼ਿਤ ਕਰਨ ਅਤੇ ਛੋਟੇ ਕਾਰੋਬਾਰਾਂ ਲਈ ਲਾਇਸੈਂਸ ਨਵਿਆਉਣ ਦੀਆਂ ਫੀਸਾਂ ਘਟਾਉਣ ਦੀ ਗੱਲ ਕੀਤੀ ਗਈ ਹੈ। ਡੇਅਕੇਅਰ, ਘਰਾਂ ਦੀ ਮੁਰੰਮਤ ਅਤੇ ਛੋਟੇ ਕਾਰੋਬਾਰਾਂ ਨਾਲ ਸਬੰਧਤ ਸਿਟੀ ਪਰਮਿਟਾਂ ਨੂੰ ਤੇਜ਼ੀ ਨਾਲ ਮਨਜ਼ੂਰੀ ਦੇਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

ਟਰਾਂਸਪੋਰਟੇਸ਼ਨ ਅਤੇ ਟਰਾਂਜ਼ਿਟ: ਟ੍ਰੈਫਿਕ ਪ੍ਰਬੰਧਨ ਲਈ ਸਮਾਰਟ ਸੈਂਸਰਾਂ ਦੀ ਵਰਤੋਂ, ਯਾਤਰੀਆਂ ਦੇ ਚੜ੍ਹਨ-ਉਤਰਨ ਲਈ ਅਸਥਾਈ ਸਟਾਪਿੰਗ ਜ਼ੋਨ, ਬੱਸ ਸਟਾਪਾਂ ਦੀਆਂ ਥਾਵਾਂ ਵਿੱਚ ਸੁਧਾਰ ਅਤੇ ਡਿਲਿਵਰੀ ਵਾਹਨਾਂ ਲਈ ਅਸਥਾਈ ਸਟਾਪਿੰਗ ਜ਼ੋਨ ਬਣਾਉਣ ਦੀ ਗੱਲ ਕੀਤੀ ਗਈ ਹੈ। ਸੜਕਾਂ ’ਤੇ ਪਾਰਕਿੰਗ ਅਤੇ ਟਰਾਂਜ਼ਿਟ ਸਬੰਧੀ ਮਸਲਿਆਂ ’ਤੇ ਕਾਰੋਬਾਰੀਆਂ ਅਤੇ ਵਸਨੀਕਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਵੀ ਗੱਲ ਹੈ।

ਪਾਰਕ ਅਤੇ ਹਰੇ-ਭਰੇ ਖੇਤਰ: ਪਾਰਟੀ ਨੇ ਪਾਰਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਲੋਕਾਂ ਲਈ ਪਹੁੰਚਯੋਗ ਬਣਾਈ ਰੱਖਣ ’ਤੇ ਜ਼ੋਰ ਦਿੱਤਾ ਹੈ। ਮੌਜੂਦਾ ਪਾਰਕਾਂ ਜਾਂ ਹਰੇ-ਭਰੇ ਖੇਤਰਾਂ ਵਿੱਚ ਕਮੀ ਕਰਨ ਦਾ ਵਿਰੋਧ ਕਰਨ ਅਤੇ ਹੋਰ ਉਪਲਬਧ ਹਰੇ ਖੇਤਰਾਂ ਨੂੰ ਪਾਰਕਾਂ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਹੈ। ਹਰ ਵਸਨੀਕ ਲਈ ਪੰਜ ਮਿੰਟ ਦੀ ਪੈਦਲ ਦੂਰੀ ਅੰਦਰ ਸਥਾਨਕ ਪਾਰਕ ਦੀ ਸਹੂਲਤ ਅਤੇ ਦਰੱਖਤਾਂ ਦੀ ਛਤਰੀ ਨੂੰ ਕਾਇਮ ਰੱਖਣ ਤੇ ਹੋਰ ਰੁੱਖ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

ਸਾਫ਼ ਸੜਕਾਂ ਅਤੇ ਸੁੰਦਰ ਇਲਾਕੇ: ਗ੍ਰੈਫਿਟੀ ਦੀ ਸਫ਼ਾਈ ਲਈ ਕਾਰੋਬਾਰੀ ਮਾਲਕਾਂ ਅਤੇ ਜਾਇਦਾਦ ਮਾਲਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ।

ਸਿਆਸੀ ਆਜ਼ਾਦੀ: ਨਿਊ ਬਰਨਬੀ ਪਾਰਟੀ ਨੇ ਕਿਹਾ ਹੈ ਕਿ ਸਿਟੀ ਕੌਂਸਲ ਨੂੰ ਬਾਹਰੀ ਸਿਆਸੀ ਹਿੱਤਾਂ ਦੇ ਅਧੀਨ ਨਹੀਂ ਹੋਣਾ ਚਾਹੀਦਾ। ਪਾਰਟੀ ਨੇ ਸੂਬਾਈ ਸਰਕਾਰ ਨਾਲ ਸਹਿਯੋਗ ਕਰਨ ਦੇ ਨਾਲ ਸਿਟੀ ਦੇ ਹਿੱਤਾਂ ਨੂੰ ਪਹਿਲ ਦੇਣ ਅਤੇ ਚੁਣੇ ਹੋਏ ਮੇਅਰ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਕੀਤੀ ਹੈ।

ਬਰਨਬੀ ਹਸਪਤਾਲ ਦਾ ਦੂਜਾ ਪੜਾਅ: ਪਾਰਟੀ ਨੇ ਬੀ.ਸੀ. ਸਰਕਾਰ ਵੱਲੋਂ ਬਰਨਬੀ ਹਸਪਤਾਲ ਦੇ ਦੂਜੇ ਪੜਾਅ ਸਬੰਧੀ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਪ੍ਰੋਜੈਕਟ ਦੀ ਸ਼ੁਰੂਆਤ ਦੀ ਤਾਰੀਖ, ਫੰਡਿੰਗ ਅਤੇ ਹਸਪਤਾਲ ਨੂੰ ਯੋਜਨਾ ਅਨੁਸਾਰ ਬਣਾਉਣ ਦੀ ਮੰਗ ਕਰਨ ਦੀ ਗੱਲ ਕੀਤੀ ਹੈ।

ਪਾਰਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਿਟੀ ਕੌਂਸਲ ਲਈ ਰਿਚਰਡ, ਅਵਤਾਰ, ਮੋਰਗਨ, ਨੇਹਾ, ਡੇਵਿਡ ਅਤੇ ਸਬਰੀਨਾ ਉਮੀਦਵਾਰ ਹਨ, ਜਦਕਿ ਸਕੂਲ ਟਰੱਸਟੀ ਲਈ ਹੈਨੀ (Haini) ਨੂੰ ਉਮੀਦਵਾਰ ਬਣਾਇਆ ਗਿਆ ਹੈ।

ਪਾਰਟੀ ਅਨੁਸਾਰ ਉਸਦਾ ਚੋਣ ਪਲੇਟਫਾਰਮ ਬਰਨਬੀ ਵਿੱਚ ਸੁਰੱਖਿਆ, ਟੈਕਸ, ਕਾਰੋਬਾਰ, ਟਰਾਂਸਪੋਰਟੇਸ਼ਨ, ਪਾਰਕਾਂ, ਸਾਫ਼-ਸਫ਼ਾਈ, ਸਿਆਸੀ ਆਜ਼ਾਦੀ ਅਤੇ ਸਿਹਤ ਸਹੂਲਤਾਂ ਨਾਲ ਸਬੰਧਤ ਮੁੱਦਿਆਂ ’ਤੇ ਕੇਂਦਰਿਤ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments