ਵੈਨਕੂਵਰ, ਅਕਤੂਬਰ (ਰਵੀ ਕਾਂਤ ਸ਼ਰਮਾ)— ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿੱਧਪੁਰ ਦੇ ਜੰਮਪਲ ਰਵੀਪਾਲ ਸਿੰਘ ਬੈਂਸ ਨੇ ਆਪਣੀਆਂ ਪੇਸ਼ੇਵਰ ਪ੍ਰਾਪਤੀਆਂ ਸਦਕਾ ਕੈਨੇਡਾ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਸਾਲ 2026 ਦੇ ਵੱਕਾਰੀ ‘ਕੈਨੇਡਾਜ਼ ਟੌਪ 40 ਅੰਡਰ 40’ (Canada’s Top 40 Under 40) ਸਨਮਾਨ ਲਈ ਚੁਣਿਆ ਗਿਆ ਹੈ। ਇਹ ਸਨਮਾਨ 40 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ 40 ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਪੇਸ਼ੇਵਰ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਅਗਵਾਈ ਅਤੇ ਸਮਾਜਿਕ ਯੋਗਦਾਨ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ ਹੋਵੇ।
ਰਵੀਪਾਲ ਸਿੰਘ ਬੈਂਸ ਪਿੰਡ ਸਿੱਧਪੁਰ ਦੇ ਸਾਬਕਾ ਸਰਪੰਚ ਸ. ਅਜਮੇਰ ਸਿੰਘ ਬੈਂਸ ਅਤੇ ਸ੍ਰੀਮਤੀ ਕੁਲਵੰਤ ਕੌਰ ਬੈਂਸ ਦੇ ਪੁੱਤਰ ਹਨ। ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਪਿੰਡ ਦੇ ਸਰਪੰਚ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਕਿਸਾਨ ਪਰਿਵਾਰ ਵਿੱਚ ਜਨਮੇ ਰਵੀਪਾਲ ਬੈਂਸ ਨੇ ਆਪਣੀ ਕਾਨੂੰਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕੈਨੇਡਾ ਦੀ ਓਟਾਵਾ ਯੂਨੀਵਰਸਿਟੀ ਤੋਂ ਵੀ ਕਾਨੂੰਨੀ ਸਿੱਖਿਆ ਹਾਸਲ ਕੀਤੀ ਅਤੇ ਕਾਰਪੋਰੇਟ ਕਾਨੂੰਨ ਤੇ ਅੰਤਰਰਾਸ਼ਟਰੀ ਵਿੱਤ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ।
ਉਹ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ (BCI) ਵਿੱਚ ਡਾਇਰੈਕਟਰ ਅਤੇ ਸੀਨੀਅਰ ਕਾਨੂੰਨੀ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਕੈਨੇਡਾ ਦੀ ਪ੍ਰਮੁੱਖ ਕਾਨੂੰਨੀ ਫਰਮ ਮੈਕਮਿਲਨ ਐਲਐਲਪੀ ਵਿੱਚ ਪਾਰਟਨਰ ਰਹਿ ਚੁੱਕੇ ਹਨ। ਆਪਣੇ ਪੇਸ਼ੇਵਰ ਜੀਵਨ ਦੌਰਾਨ ਉਨ੍ਹਾਂ ਨੇ ਕਈ ਵੱਡੇ ਵਿੱਤੀ ਅਤੇ ਕਾਰੋਬਾਰੀ ਸੌਦਿਆਂ ਵਿੱਚ ਕਾਨੂੰਨੀ ਸਲਾਹਕਾਰ ਵਜੋਂ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਕੈਨੇਡਾ ਸਰਕਾਰ ਵੱਲੋਂ ਪਹਿਲੀ ਵਾਰ ਜਾਰੀ ਕੀਤੇ ਗਏ ਪੰਜ ਅਰਬ ਡਾਲਰ ਦੇ ਗ੍ਰੀਨ ਬਾਂਡ ਨਾਲ ਸਬੰਧਤ ਕੰਮ ਵੀ ਸ਼ਾਮਲ ਹੈ।
ਰਵੀਪਾਲ ਬੈਂਸ ਨੂੰ ਇਸ ਤੋਂ ਪਹਿਲਾਂ ਵੀ ਕਈ ਵੱਕਾਰੀ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ‘ਲੈਕਸਪਰਟ ਰਾਈਜ਼ਿੰਗ ਸਟਾਰਜ਼’ ਅਤੇ ‘ਦ ਐੱਮ ਐਂਡ ਏ ਐਡਵਾਈਜ਼ਰ ਐਮਰਜਿੰਗ ਲੀਡਰਜ਼ ਐਵਾਰਡ’ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਬਿਜ਼ਨਸ ਕੌਂਸਲ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਵੀ ਰਹਿ ਚੁੱਕੇ ਹਨ।
ਅੰਤਰਰਾਸ਼ਟਰੀ ਪੱਧਰ ’ਤੇ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਮਿਲੀ ਹੈ। ਸਾਲ 2022 ਵਿੱਚ ਅਮਰੀਕਾ ਸਥਿਤ ਐਟਲਾਂਟਿਕ ਕੌਂਸਲ ਨੇ ਉਨ੍ਹਾਂ ਨੂੰ ‘ਮਿਲੇਨੀਅਮ ਲੀਡਰਸ਼ਿਪ ਫੈਲੋ’ ਵਜੋਂ ਚੁਣਿਆ ਸੀ, ਜਦਕਿ ਟ੍ਰਾਈਲੈਟਰਲ ਕਮਿਸ਼ਨ ਵੱਲੋਂ ਉਨ੍ਹਾਂ ਨੂੰ ‘ਡੇਵਿਡ ਰੌਕਫੈਲਰ ਫੈਲੋ’ ਵਜੋਂ ਚੁਣਿਆ ਗਿਆ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਨੀਦਰਲੈਂਡਜ਼ ਦੇ ਸ਼ਹਿਰ ਦਿ ਹੇਗ ਵਿਖੇ ਸਾਬਕਾ ਯੂਗੋਸਲਾਵੀਆ ਲਈ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਨਾਲ ਵੀ ਕੰਮ ਕੀਤਾ।
ਸਾਲ 1995 ਵਿੱਚ ਸ਼ੁਰੂ ਹੋਇਆ ‘ਕੈਨੇਡਾਜ਼ ਟੌਪ 40 ਅੰਡਰ 40’ ਸਨਮਾਨ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿੱਚ ਉੱਭਰ ਰਹੀਆਂ ਪ੍ਰਤਿਭਾਵਾਂ ਅਤੇ ਨੌਜਵਾਨ ਆਗੂਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ। ਸਾਲ 2026 ਦੇ ਸਨਮਾਨਿਤ ਵਿਅਕਤੀਆਂ ਦੀ ਚੋਣ 18 ਮੈਂਬਰੀ ਸੁਤੰਤਰ ਸਲਾਹਕਾਰ ਕਮੇਟੀ ਵੱਲੋਂ ਕੀਤੀ ਗਈ।
ਪੰਜਾਬ ਦੇ ਇੱਕ ਛੋਟੇ ਜਿਹੇ ਕਿਸਾਨੀ ਪਿੰਡ ਸਿੱਧਪੁਰ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਕੈਨੇਡਾ ਦੇ ਨਾਮਵਰ ਨੌਜਵਾਨ ਪੇਸ਼ੇਵਰਾਂ ਵਿੱਚ ਸ਼ਾਮਲ ਹੋਣਾ ਰਵੀਪਾਲ ਸਿੰਘ ਬੈਂਸ ਦੀ ਅਹਿਮ ਪ੍ਰਾਪਤੀ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਪਰਿਵਾਰ ਅਤੇ ਜੱਦੀ ਪਿੰਡ ਸਿੱਧਪੁਰ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਤੇ ਇਸ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।



