ਸਰੀ, ਸਤੰਬਰ (ਰਵੀ ਕਾਂਤ ਸ਼ਰਮਾ)- ਸਰੀ ਦੇ ਮੇਅਰ ਦੇ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਨਿਊਟਨ ਵਿੱਚ ਸੀਨੀਅਰਾਂ ਅਤੇ ਬੱਚਿਆਂ ਲਈ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ 6965 ਕਿੰਗ ਜਾਰਜ ਬੁਲੇਵਾਰਡ ਸਥਿਤ ਜਗ੍ਹਾ ’ਤੇ Surrey-Newton Seniors and Children’s Hospital ਬਣਾਉਣ ਨੂੰ ਤਰਜੀਹ ਦੇਵੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੰਧਾਵਾ ਨੇ ਕਿਹਾ ਕਿ ਨਿਊਟਨ ਦੇ ਸੀਨੀਅਰਾਂ ਅਤੇ ਬੱਚਿਆਂ ਨੂੰ ਸਿਹਤ ਸੇਵਾਵਾਂ ਲਈ ਲੰਬੀਆਂ ਉਡੀਕਾਂ ਅਤੇ ਦੂਰਲੇ ਹਸਪਤਾਲਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐਮਰਜੈਂਸੀ ਸੇਵਾਵਾਂ ਲਈ 10 ਤੋਂ 14 ਘੰਟਿਆਂ ਤੱਕ ਉਡੀਕ ਲੋਕਾਂ ਲਈ ਚਿੰਤਾ ਦਾ ਕਾਰਨ ਬਣਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ ਚੁਣੀ ਜਾਂਦੀ ਹੈ ਤਾਂ ਸਿਟੀ ਪੱਧਰ ’ਤੇ ਸਾਈਟ ਨੂੰ ਰਾਖਵਾਂ ਕਰਨ, ਲੋੜੀਂਦੀ ਮਨਜ਼ੂਰੀ ਪ੍ਰਕਿਰਿਆ ਤੇਜ਼ ਕਰਨ ਅਤੇ ਵਿਕਟੋਰੀਆ ਤੇ ਓਟਾਵਾ ਤੋਂ ਫੰਡਿੰਗ ਲਈ ਸਾਂਝੀ ਮੰਗ ਰੱਖਣ ’ਤੇ ਕੰਮ ਕੀਤਾ ਜਾਵੇਗਾ। ਪਾਰਟੀ ਦੇ ਅਨੁਸਾਰ ਹਸਪਤਾਲ ਵਿੱਚ ਬੱਚਿਆਂ ਦੀ ਐਮਰਜੈਂਸੀ, ਮੈਟਰਨਿਟੀ, ਜੇਰੀਐਟ੍ਰਿਕ ਐਮਰਜੈਂਸੀ ਅਤੇ ਹੋਰ ਸੇਵਾਵਾਂ ਸ਼ਾਮਲ ਕਰਨ ਦੀ ਮੰਗ ਕੀਤੀ ਜਾਵੇਗੀ।
ਰੰਧਾਵਾ ਨੇ ਕਿਹਾ ਕਿ ਕਲੋਵਰਡੇਲ ਵਿੱਚ ਬਣ ਰਹੇ ਹਸਪਤਾਲ ਦੇ ਨਾਲ ਨਿਊਟਨ ਲਈ ਵੱਖਰੀ ਸਿਹਤ ਸਹੂਲਤ ਦੀ ਲੋੜ ਹੈ। ਉਨ੍ਹਾਂ ਸਰੀ ਵਿੱਚ ਹਸਪਤਾਲੀ ਸੇਵਾਵਾਂ ਦੇ ਵਿਸਥਾਰ ਨੂੰ ਲੈ ਕੇ ਸੂਬਾ ਸਰਕਾਰ ਨਾਲ ਮਜ਼ਬੂਤੀ ਨਾਲ ਮਾਮਲਾ ਉਠਾਉਣ ਦੀ ਗੱਲ ਵੀ ਕੀਤੀ।



