ਸਰੀ, ਸਤੰਬਰ 18,2026 (ਰਵੀ ਕਾਂਤ ਸ਼ਰਮਾ) — ਸਰੀ ਸਿਟੀ ਕੌਂਸਲ ਦੀਆਂ ਚੋਣਾਂ ਦਾ ਦਿਨ ਨੇੜੇ ਆਉਣ ਦੇ ਨਾਲ ਸ਼ਹਿਰ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਕੜੀ ਤਹਿਤ ਕੰਜ਼ਰਵੇਟਿਵ ਸਲੇਟ ਦੇ ਮੇਅਰ ਅਹੁਦੇ ਦੇ ਉਮੀਦਵਾਰ ਹੋਨਵੀਰ ਰੰਧਾਵਾ ਅਤੇ ਸਲੇਟ ਦੇ ਵੱਖ-ਵੱਖ ਕੌਂਸਲ ਉਮੀਦਵਾਰਾਂ ਵੱਲੋਂ ਸਰੀ ਸਥਿਤ ਮਹਾਰਾਣੀ ਬੈਂਕੁਇਟ ਹਾਲ ਵਿੱਚ ਇੱਕ ਚੋਣ ਰੈਲੀ ਕੀਤੀ ਗਈ।
ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮਰਥਕਾਂ, ਜਾਣਕਾਰਾਂ ਅਤੇ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਸਮਰਥਕਾਂ ਵੱਲੋਂ ਉਮੀਦਵਾਰਾਂ ਨੂੰ ਆਪਣਾ ਸਹਿਯੋਗ ਦੇਣ ਦਾ ਭਰੋਸਾ ਪ੍ਰਗਟ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਮੇਅਰ ਅਹੁਦੇ ਦੇ ਉਮੀਦਵਾਰ ਅਤੇ ਕਾਨੂੰਨੀ ਸਲਾਹਕਾਰ ਹੋਨਵੀਰ ਰੰਧਾਵਾ ਨੇ ਕਿਹਾ ਕਿ ਜੇਕਰ ਉਹ ਅਤੇ ਉਨ੍ਹਾਂ ਦੀ ਸਲੇਟ ਦੇ ਉਮੀਦਵਾਰ ਚੋਣ ਜਿੱਤਦੇ ਹਨ ਤਾਂ ਸਰੀ ਵਾਸੀਆਂ ਦੀਆਂ ਲੋੜਾਂ ਅਤੇ ਸ਼ਹਿਰ ਨਾਲ ਸਬੰਧਤ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਤਲ ਅਤੇ ਫਿਰੌਤੀ ਦੀਆਂ ਘਟਨਾਵਾਂ ਸਮੇਤ ਜਨਤਕ ਸੁਰੱਖਿਆ ਨਾਲ ਜੁੜੇ ਮਸਲਿਆਂ ’ਤੇ ਵੀ ਕੰਮ ਕਰਨ ਦੀ ਗੱਲ ਕਹੀ।
ਇਸ ਮੌਕੇ ਕੌਂਸਲ ਉਮੀਦਵਾਰ ਰਿੱਕੀ ਬਾਜਵਾ, ਹਰਕੀਰਤ ਸਿੱਧੂ ਅਤੇ ਮਨੂ ਸ਼ਰਮਾ ਸਮੇਤ ਹੋਰਨਾਂ ਉਮੀਦਵਾਰਾਂ ਨੇ ਵੀ ਸੰਬੋਧਨ ਕੀਤਾ। ਆਪਣੇ ਸੰਬੋਧਨਾਂ ਦੌਰਾਨ ਉਨ੍ਹਾਂ ਨੇ ਸਰੀ ਦੀ ਮੌਜੂਦਾ ਸਿਟੀ ਕੌਂਸਲ ਦੀਆਂ ਨੀਤੀਆਂ ਸਬੰਧੀ ਆਪਣੀਆਂ ਗੱਲਾਂ ਰੱਖੀਆਂ ਅਤੇ ਕੰਜ਼ਰਵੇਟਿਵ ਸਲੇਟ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।
ਰੈਲੀ ਦੌਰਾਨ ਉਮੀਦਵਾਰਾਂ ਵੱਲੋਂ ਸਰੀ ਦੇ ਵਿਕਾਸ, ਜਨਤਕ ਸੁਰੱਖਿਆ ਅਤੇ ਲੋਕਾਂ ਨਾਲ ਜੁੜੇ ਹੋਰ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਬੁਲਾਰਿਆਂ ਨੇ ਹਾਜ਼ਰ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਅਵਤਾਰ ਸਿੰਘ ਸੇਖੋਂ, ਗੁਰਦੀਪ ਸਿੰਘ ਖੁਰਾਨਾ, ਜੈਦੇਵ ਸਿੰਘ ਸ਼ਾਹ, ਬਲਕਾਰ ਸਿੰਘ ਕਲੇਰ, ਕਰਮਵੀਰ ਸਿੰਘ ਪੱਡਾ, ਅਮਨਦੀਪ ਸਿੰਘ, ਰੂਬਲ ਸਿੰਘ, ਬਲਵਿੰਦਰ ਸਿੰਘ ਰੰਧਾਵਾ, ਦਿਲਾਵਰ ਰੰਧਾਵਾ ਅਤੇ ਰਾਜ ਸਿੰਘ ਪੰਨੂ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ।
ਦੇਰ ਰਾਤ ਤੱਕ ਚੱਲੀ ਇਸ ਚੋਣ ਰੈਲੀ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਹਾਜ਼ਰ ਮਹਿਮਾਨਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ। ਇਸ ਉਪਰੰਤ ਹਾਜ਼ਰ ਲੋਕਾਂ ਨੇ ਆਪਸੀ ਮਿਲਵਰਤਣ ਨਾਲ ਪਰੋਸੇ ਗਏ ਭੋਜਨ ਦਾ ਵੀ ਆਨੰਦ ਮਾਣਿਆ।



