HomeCanadaਸਰੀ ਪਬਲਿਕ ਵ੍ਹਾਰਫ਼ ਵਿਖੇ ਅਸਥੀਆਂ ਜਲ-ਪ੍ਰਵਾਹ ਕਰਨ ਲਈ ਸਿਟੀ ਵੱਲੋਂ ਪਾਇਲਟ ਪ੍ਰੋਜੈਕਟ...

ਸਰੀ ਪਬਲਿਕ ਵ੍ਹਾਰਫ਼ ਵਿਖੇ ਅਸਥੀਆਂ ਜਲ-ਪ੍ਰਵਾਹ ਕਰਨ ਲਈ ਸਿਟੀ ਵੱਲੋਂ ਪਾਇਲਟ ਪ੍ਰੋਜੈਕਟ ਸ਼ੁਰੂ

ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ) — ਸਿਟੀ ਆਫ਼ ਸਰੀ ਵੱਲੋਂ ਸਰੀ ਪਬਲਿਕ ਵ੍ਹਾਰਫ਼ ਵਿਖੇ ਇੱਕ ਨਿਰਧਾਰਿਤ ਸਥਾਨ ’ਤੇ ਅਸਥੀਆਂ ਜਲ-ਪ੍ਰਵਾਹ ਕਰਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਪਰਿਵਾਰ ਪਹਿਲਾਂ ਤੋਂ ਸਥਾਨ ਅਤੇ ਸਮਾਂ ਰਾਖਵਾਂ ਕਰਵਾ ਕੇ ਆਪਣੇ ਵਿਛੜੇ ਹੋਏ ਪਿਆਰਿਆਂ ਦੀ ਯਾਦ ਵਿੱਚ ਧਾਰਮਿਕ, ਸੱਭਿਆਚਾਰਕ ਅਤੇ ਨਿੱਜੀ ਰਸਮਾਂ ਨਿਭਾ ਸਕਣਗੇ।

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰਾਂ ਲਈ ਵਹਿੰਦੇ ਪਾਣੀ ਵਿੱਚ ਆਪਣੇ ਕਿਸੇ ਪਿਆਰੇ ਦੀਆਂ ਅਸਥੀਆਂ ਵਿਸਰਜਿਤ ਕਰਨਾ ਇੱਕ ਮਹੱਤਵਪੂਰਨ ਸੱਭਿਆਚਾਰਕ, ਧਾਰਮਿਕ ਅਤੇ ਨਿੱਜੀ ਰਿਵਾਇਤ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪਰਿਵਾਰਾਂ ਨੂੰ ਇੱਕ ਸੁਰੱਖਿਅਤ ਅਤੇ ਸਤਿਕਾਰਯੋਗ ਸਥਾਨ ਮੁਹੱਈਆ ਕਰਵਾਏਗਾ, ਜਿੱਥੇ ਉਹ ਆਪਣੇ ਪਿਆਰਿਆਂ ਨੂੰ ਯਾਦ ਕਰ ਸਕਣਗੇ ਅਤੇ ਆਪਣੀਆਂ ਪਰੰਪਰਾਵਾਂ ਦਾ ਸਨਮਾਨ ਕਰ ਸਕਣਗੇ।

ਸਿਟੀ ਅਨੁਸਾਰ ਇਹ ਪਾਇਲਟ ਪ੍ਰੋਜੈਕਟ ਫੁੱਲ ਪ੍ਰਵਾਹੁਣ ਅਤੇ ਯਾਦਗਾਰੀ ਰਸਮਾਂ ਲਈ ਇੱਕ ਨਿਰਧਾਰਿਤ ਸਥਾਨ ਦੀ ਭਾਈਚਾਰੇ ਵੱਲੋਂ ਮਹਿਸੂਸ ਕੀਤੀ ਜਾ ਰਹੀ ਲੋੜ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਇਹ ਸਰੀ ਦੇ ਵੱਖ-ਵੱਖ ਸੱਭਿਆਚਾਰਕ ਅਤੇ ਧਾਰਮਿਕ ਰਿਵਾਜਾਂ ਨੂੰ ਸਮਰਥਨ ਦੇਣ ਪ੍ਰਤੀ ਸਿਟੀ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ।

ਸਾਲ 2024 ਵਿੱਚ ਸਰੀ ਸਿਟੀ ਕੌਂਸਲ ਨੇ ਸਟਾਫ਼ ਨੂੰ ਫਰੇਜ਼ਰ ਦਰਿਆ ਦੇ ਕੰਢੇ ਇੱਕ ਢੁਕਵੀਂ ਜਗ੍ਹਾ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਪ੍ਰੋਜੈਕਟ ਲਈ ਫੰਡਿੰਗ ਨੂੰ 2025 ਦੇ ਕੈਪੀਟਲ ਪ੍ਰੋਜੈਕਟ ਬਜਟ ਦੇ ਹਿੱਸੇ ਵਜੋਂ ਮਨਜ਼ੂਰੀ ਦਿੱਤੀ ਗਈ। ਤਕਨੀਕੀ ਸਮੀਖਿਆ, ਭਾਈਚਾਰੇ ਨਾਲ ਸਲਾਹ-ਮਸ਼ਵਰੇ ਅਤੇ ਵਾਤਾਵਰਣਕ ਮੁਲਾਂਕਣ ਤੋਂ ਬਾਅਦ ਸਰੀ ਪਬਲਿਕ ਵ੍ਹਾਰਫ਼ ਨੂੰ ਇਸ ਮਕਸਦ ਲਈ ਚੁਣਿਆ ਗਿਆ। ਸਿਟੀ ਮੁਤਾਬਕ ਮੂਲਵਾਸੀ ਭਾਈਚਾਰੇ ਨਾਲ ਸਲਾਹ-ਮਸ਼ਵਰਾ ਅਜੇ ਵੀ ਜਾਰੀ ਹੈ।

ਮੇਅਰ ਲੌਕ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਿਟੀ ਸਟਾਫ਼ ਨੇ ਪ੍ਰੋਜੈਕਟ ਨੂੰ ਰੂਪ ਦੇਣ ਲਈ ਭਾਈਚਾਰੇ ਅਤੇ ਵੱਖ-ਵੱਖ ਏਜੰਸੀ ਭਾਈਵਾਲਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਅਨੁਸਾਰ ਵਾਤਾਵਰਣਕ ਮੁਲਾਂਕਣਾਂ ਤੋਂ ਬਾਅਦ ਇਸ ਸਥਾਨ ਦੀ ਸੁਰੱਖਿਅਤ ਵਰਤੋਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਸੱਭਿਆਚਾਰਕ ਸ਼ਮੂਲੀਅਤ, ਵਾਤਾਵਰਣ ਦੀ ਸੰਭਾਲ ਅਤੇ ਸਾਂਝੀ ਜਨਤਕ ਵਰਤੋਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪਾਇਲਟ ਪ੍ਰੋਜੈਕਟ ਦੌਰਾਨ ਪਾਰਕ ਦੀ ਸਨਮਾਨਜਨਕ ਅਤੇ ਸਾਂਝੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਅਸਥੀਆਂ ਜਲ-ਪ੍ਰਵਾਹ ਕਰਨ ਦੀ ਰਸਮ ਦੀ ਯੋਜਨਾ ਬਣਾਉਣ ਵਾਲੇ ਪਰਿਵਾਰਾਂ ਲਈ ਪਹਿਲਾਂ ਤੋਂ ਮਿਤੀ ਅਤੇ ਸਮਾਂ ਰਾਖਵਾਂ ਕਰਵਾਉਣਾ ਲਾਜ਼ਮੀ ਹੋਵੇਗਾ। ਸਿਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਆਨਲਾਈਨ ਬੁਕਿੰਗ ਫਾਰਮ 21 ਸਤੰਬਰ ਤੋਂ ਉਪਲਬਧ ਹੋਵੇਗਾ।

ਸਿਟੀ ਵੱਲੋਂ ਇਸ ਸਥਾਨ ’ਤੇ ਅਸਥੀਆਂ ਜਲ-ਪ੍ਰਵਾਹ ਕਰਨ ਦੀਆਂ ਰਸਮਾਂ ਅਤੇ ਪਾਰਕ ਦੀ ਵਰਤੋਂ ਕਰਨ ਵਾਲੇ ਹੋਰ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਸੁਧਾਰ ਵੀ ਕੀਤੇ ਗਏ ਹਨ। ਪਾਇਲਟ ਪ੍ਰੋਜੈਕਟ ਦੌਰਾਨ ਭਾਈਚਾਰੇ ਤੋਂ ਮਿਲਣ ਵਾਲੀ ਪ੍ਰਤੀਕਿਰਿਆ ਦੇ ਆਧਾਰ ’ਤੇ ਭਵਿੱਖ ਵਿੱਚ ਪਾਰਕ ਵਿੱਚ ਹੋਰ ਸੁਧਾਰਾਂ ਬਾਰੇ ਫੈਸਲੇ ਲਏ ਜਾਣਗੇ।

ਅਸਥੀਆਂ ਜਲ-ਪ੍ਰਵਾਹ ਕਰਨ ਲਈ ਉਪਲਬਧਤਾ, ਨਿਯਮਾਂ ਅਤੇ ਫੀਸਾਂ ਸਬੰਧੀ ਹੋਰ ਜਾਣਕਾਰੀ ਸਿਟੀ ਆਫ਼ ਸਰੀ ਦੀ ਵੈੱਬਸਾਈਟ ’ਤੇ ਉਪਲਬਧ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments