ਸਰੀ, ਬੀ.ਸੀ., 9 ਸਤੰਬਰ — ਸਰੀ ਸਿਟੀ ਵੱਲੋਂ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਨੀਵਾਰ, 17 ਅਕਤੂਬਰ 2026 ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਵਿੱਚ ਆਪਣੀ ਵੋਟ ਜ਼ਰੂਰ ਪਾਉਣ। ਚੋਣਾਂ ਵਾਲੇ ਦਿਨ ਵੋਟਿੰਗ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗੀ। ਵੋਟਰ ਸਰੀ ਭਰ ਵਿੱਚ ਸਿਟੀ ਵੱਲੋਂ ਸਥਾਪਤ ਕੀਤੇ ਗਏ 52 ਵੋਟਿੰਗ ਸਥਾਨਾਂ ਵਿੱਚੋਂ ਕਿਸੇ ਵੀ ਸਥਾਨ ’ਤੇ ਆਪਣੀ ਵੋਟ ਪਾ ਸਕਦੇ ਹਨ।
ਮਿਊਂਸਪਲ ਚੋਣਾਂ ਸਰੀ ਦੇ ਵਸਨੀਕਾਂ ਨੂੰ ਆਪਣੇ ਭਾਈਚਾਰੇ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੰਦੀਆਂ ਹਨ। ਇਨ੍ਹਾਂ ਚੋਣਾਂ ਵਿੱਚ ਵੋਟਰ ਇੱਕ ਮੇਅਰ, ਅੱਠ ਸਿਟੀ ਕੌਂਸਲਰ ਅਤੇ ਛੇ ਸਕੂਲ ਟਰੱਸਟੀਆਂ ਦੀ ਚੋਣ ਕਰਨਗੇ।
ਅਗਾਊਂ ਵੋਟਿੰਗ
ਜਿਹੜੇ ਵੋਟਰ 17 ਅਕਤੂਬਰ ਨੂੰ ਵੋਟ ਨਹੀਂ ਪਾ ਸਕਦੇ, ਉਨ੍ਹਾਂ ਲਈ 7, 10, 14 ਅਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਅਗਾਊਂ ਵੋਟਿੰਗ ਦੀ ਸਹੂਲਤ ਵੀ ਉਪਲਬਧ ਹੋਵੇਗੀ। ਅਗਾਊਂ ਵੋਟਿੰਗ ਲਈ ਸਰੀ ਵਿੱਚ ਹੇਠ ਲਿਖੀਆਂ 10 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ:
- Cloverdale Recreation Centre — 6188–176 Street
- Earl Marriott Secondary — 15751–16 Avenue
- École Panorama Ridge Secondary — 13220–64 Avenue
- Fleetwood Community Centre — 15996–84 Avenue
- Frank Hurt Secondary — 13940–77 Avenue
- Fraser Heights Recreation Centre — 10588–160 Street
- Guildford Recreation Centre — 15105–105 Avenue
- Kwantlen Park Secondary — 10441–132 Street
- Princess Margaret Secondary School — 12870–72 Avenue
- Semiahmoo Secondary School — 1785–148 Street
ਵੋਟ ਪਾਉਣ ਲਈ ਕੀ ਲਿਆਉਣਾ ਹੋਵੇਗਾ?
ਰਜਿਸਟਰਡ ਵੋਟਰਾਂ ਨੂੰ ਆਪਣਾ ਵੋਟਰ ਕਾਰਡ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਫੋਟੋ ਵਾਲੀ ਪਛਾਣ (ID) ਦਾ ਇੱਕ ਦਸਤਾਵੇਜ਼ ਨਾਲ ਲਿਆਉਣਾ ਹੋਵੇਗਾ। ਜਿਹੜੇ ਵਿਅਕਤੀ ਪਹਿਲਾਂ ਤੋਂ ਰਜਿਸਟਰਡ ਨਹੀਂ ਹਨ, ਉਹ ਵੋਟ ਪਾਉਣ ਸਮੇਂ ਦੋ ਮਨਜ਼ੂਰਸ਼ੁਦਾ ਪਛਾਣ ਪੱਤਰ ਪੇਸ਼ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਸੁਵਿਧਾਜਨਕ ਵੋਟਿੰਗ ਵਿਕਲਪ
ਵੋਟਰਾਂ ਲਈ ਕਈ ਪਹੁੰਚਯੋਗ ਵੋਟਿੰਗ ਵਿਕਲਪ ਵੀ ਉਪਲਬਧ ਹਨ, ਜਿਨ੍ਹਾਂ ਵਿੱਚ ਡਾਕ ਰਾਹੀਂ ਵੋਟਿੰਗ (Vote by Mail) ਅਤੇ ਕਰਬਸਾਈਡ ਵੋਟਿੰਗ (Curbside Voting) ਸ਼ਾਮਲ ਹਨ। ਸਾਰੇ ਵੋਟਿੰਗ ਕੇਂਦਰ ਵ੍ਹੀਲਚੇਅਰ ਲਈ ਪੂਰੀ ਤਰ੍ਹਾਂ ਪਹੁੰਚਯੋਗ ਹਨ।
ਵੋਟਰ ਸਿਟੀ ਆਫ ਸਰੀ ਦੇ ਇੰਟਰਐਕਟਿਵ ਵੋਟਿੰਗ ਸਥਾਨ ਨਕਸ਼ੇ ਦੀ ਵਰਤੋਂ ਕਰਕੇ ਆਪਣੇ ਨੇੜਲੇ ਵੋਟਿੰਗ ਕੇਂਦਰ ਦੀ ਜਾਣਕਾਰੀ ਅਤੇ ਅਨੁਮਾਨਿਤ ਉਡੀਕ ਸਮਾਂ ਵੀ ਦੇਖ ਸਕਦੇ ਹਨ।
ਚੋਣ ਨਤੀਜੇ
ਸਿਟੀ ਅਨੁਸਾਰ ਚੋਣਾਂ ਦੇ ਮੁੱਢਲੇ ਨਤੀਜੇ 17 ਅਕਤੂਬਰ ਨੂੰ ਰਾਤ 8 ਵਜੇ ਵੋਟਿੰਗ ਸਮਾਪਤ ਹੋਣ ਅਤੇ ਆਖਰੀ ਵੋਟਰ ਵੱਲੋਂ ਵੋਟ ਪਾਏ ਜਾਣ ਤੋਂ ਬਾਅਦ ਜਾਰੀ ਕੀਤੇ ਜਾਣਗੇ। ਅਧਿਕਾਰਤ ਨਤੀਜੇ ਤਿਆਰ ਹੋਣ ਉਪਰੰਤ ਜਾਰੀ ਕੀਤੇ ਜਾਣਗੇ।
2026 ਦੀਆਂ ਮਿਊਂਸਪਲ ਚੋਣਾਂ ਸਬੰਧੀ ਹੋਰ ਜਾਣਕਾਰੀ ਲਈ ਵੋਟਰ surrey.ca/election ’ਤੇ ਜਾ ਸਕਦੇ ਹਨ।



