ਸਰੀ, ਸਤੰਬਰ 9 (ਰਵੀ ਕਾਂਤ ਸ਼ਰਮਾ)- ਸਰੀ ਸਿਟੀ ਕੌਂਸਲ ਦੀਆਂ ਆਉਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ‘ਸੇਫ਼ ਸਰੀ’ ਵੱਲੋਂ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਧਾਲੀਵਾਲ ਬੈਂਕੁਇਟ ਹਾਲ, ਸਰੀ ਵਿਖੇ ਜੱਸਾ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ‘ਸੇਫ਼ ਸਰੀ’ ਵੱਲੋਂ ਮੀਟ ਐਂਡ ਗ੍ਰੀਟ ਸਮਾਗਮ ਕਰਵਾਇਆ ਗਿਆ। ਖਚਾਖਚ ਭਰੇ ਹਾਲ ਵਿੱਚ ਹੋਏ ਇਸ ਸਮਾਗਮ ਦੌਰਾਨ ਮੇਅਰ ਦੇ ਉਮੀਦਵਾਰ ਡੱਗ ਮੈਕਲਮ ਸਮੇਤ ‘ਸੇਫ਼ ਸਰੀ’ ਦੀ ਟੀਮ ਦੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ ਮੌਜੂਦਾ ਕੌਂਸਲਰ ਮਨਦੀਪ ਸਿੰਘ ਨਾਗਰਾ, ਕੌਂਸਲਰ ਉਮੀਦਵਾਰ ਮੀਰਾਂ ਗਿੱਲ ਅਤੇ ਸੁਹਾਨਾ ਗਿੱਲ ਵੀ ਹਾਜ਼ਰ ਸਨ। ਇਸ ਮੌਕੇ ਉਮੀਦਵਾਰਾਂ ਵੱਲੋਂ 17 ਅਕਤੂਬਰ 2026 ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਵਿੱਚ ਵੋਟਰਾਂ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਮੀਦਵਾਰਾਂ ਨੇ ਆਪਣੀਆਂ ਚੋਣੀ ਤਰਜੀਹਾਂ ਅਤੇ ਮੈਨੀਫੈਸਟੋ ਨਾਲ ਸਬੰਧਤ ਮੁੱਦਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਡੱਗ ਮੈਕਲਮ ਨੇ ਆਪਣੇ ਸੰਬੋਧਨ ਦੌਰਾਨ ਸਰੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਆਪਣੀ ਟੀਮ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਵੱਲੋਂ ਅਫੋਰਡੇਬਿਲਿਟੀ, ਪ੍ਰਾਪਰਟੀ ਟੈਕਸ, ਜਨਤਕ ਸੁਰੱਖਿਆ, ਆਵਾਜਾਈ, ਬੁਨਿਆਦੀ ਢਾਂਚੇ ਅਤੇ ਕਮਿਊਨਿਟੀ ਸਹੂਲਤਾਂ ਨੂੰ ਚੋਣ ਮੁਹਿੰਮ ਦੇ ਮੁੱਖ ਮੁੱਦਿਆਂ ਵਜੋਂ ਉਭਾਰਿਆ ਗਿਆ।
ਇਸ ਮੌਕੇ ਕੌਂਸਲਰ ਮਨਦੀਪ ਸਿੰਘ ਨਾਗਰਾ ਨੇ ਖੇਤੀਬਾੜੀ, ਫਾਰਮ-ਟੂ-ਟੇਬਲ ਮਾਡਲ ਅਤੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਯੋਜਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੌਂਸਲ ਉਮੀਦਵਾਰ ਮੀਰਾਂ ਗਿੱਲ ਅਤੇ ਸੁਹਾਨਾ ਗਿੱਲ ਨੇ ਵੀ ਸਰੀ ਦੇ ਵਿਕਾਸ ਅਤੇ ਨੌਜਵਾਨਾਂ ਨਾਲ ਸਬੰਧਤ ਮੁੱਦਿਆਂ ’ਤੇ ਗੱਲਬਾਤ ਕੀਤੀ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਗੈਰੀ ਬੇਟ ਐਮ.ਐਲ.ਏ., ਗਿਆਨ ਸਿੰਘ ਢੇਸੀ, ਸੁਖਵਿੰਦਰ ਸਿੰਘ ਗਰੇਵਾਲ, ਨਿਰਮਲ ਸਿੰਘ ਗਰੇਵਾਲ, ਗੁਰਤੇਜ ਸਿੰਘ ਬਰਾੜ, ਬੀ ਐਂਡ ਬੀ ਟਰੱਸਟ ਦੇ ਬਿੱਲ ਸੰਧੂ, ਤਰਸੇਮ ਸਿੰਘ ਰੰਧਾਵਾ, ਅਵਤਾਰ ਸਿੰਘ ਢਿੱਲੋਂ, ਬਲਬੀਰ ਸਿੰਘ ਢਿੱਲੋਂ, ਬਲਦੇਵ ਸਿੰਘ ਅਤੇ ਸੁਰਿੰਦਰ ਸਿੰਘ ਅਟਵਾਲ ਸਮੇਤ ਹੋਰ ਕਮਿਊਨਿਟੀ ਮੈਂਬਰ ਅਤੇ ਸਹਿਯੋਗੀ ਹਾਜ਼ਰ ਸਨ।
ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਨੇ ਆਪਸੀ ਮਿਲਵਰਤਣ ਨਾਲ ਦੁਪਹਿਰ ਦਾ ਖਾਣਾ ਵੀ ਸਾਂਝਾ ਕੀਤਾ। ਅੰਤ ਵਿੱਚ ਸਮਾਗਮ ਦੇ ਆਯੋਜਕ ਜੱਸਾ ਸਿੰਘ ਗਰੇਵਾਲ ਵੱਲੋਂ ਸਮੂਹ ਮਹਿਮਾਨਾਂ, ਸਮਰਥਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।



