ਵਿਕਟੋਰੀਆ, ਬੀ.ਸੀ. — ਅਮਰੀਕਾ ਅਤੇ ਕੈਨੇਡਾ ਵਿਚਾਲੇ ਵਧ ਰਹੇ ਤਣਾਅ ਦਰਮਿਆਨ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੈਥ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਕੈਡਿਟਾਂ ਨਾਲ ਸਬੰਧਤ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਹੇਗਸੈਥ ਨੇ ਸੋਮਵਾਰ ਨੂੰ ਵਰਨਨ, ਬੀ.ਸੀ. ਦੇ ਕੈਡਿਟ ਟ੍ਰੇਨਿੰਗ ਸੈਂਟਰ ਵੱਲੋਂ ਪੋਸਟ ਕੀਤੀ ਗਈ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ। ਤਸਵੀਰ ਵਿੱਚ ਦੋ ਨੌਜਵਾਨ ਮਹਿਲਾ ਕੈਡਿਟ ਵਰਦੀ ਵਿੱਚ ਨਜ਼ਰ ਆ ਰਹੀਆਂ ਸਨ। ਹੇਗਸੈਥ ਨੇ ਤਸਵੀਰ ਨਾਲ ਕੈਨੇਡਾ ਦਾ ਝੰਡਾ ਲਗਾ ਕੇ ਸਿਰਫ਼ “this is real” ਲਿਖਿਆ।
ਇਸ ਪੋਸਟ ਨੂੰ ਕਈ ਲੋਕਾਂ ਨੇ ਕੈਨੇਡੀਅਨ ਕੈਡਿਟਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਦਿੱਖ ਨੂੰ ਨਿਸ਼ਾਨਾ ਬਣਾਉਣ ਵਜੋਂ ਦੇਖਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹੇਗਸੈਥ ਦੀ ਕਾਫ਼ੀ ਆਲੋਚਨਾ ਹੋਈ।
ਡੇਵਿਡ ਏਬੀ ਨੇ ਕੀਤੀ ਆਲੋਚਨਾ
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਹੇਗਸੈਥ ਦੀ ਪੋਸਟ ਨੂੰ “ਸ਼ਰਮਨਾਕ” ਕਰਾਰ ਦਿੱਤਾ। ਏਬੀ ਨੇ ਕਿਹਾ ਕਿ ਕੈਨੇਡਾ ਦੇ ਉਨ੍ਹਾਂ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ, ਜੋ ਆਪਣੀ ਮਰਜ਼ੀ ਨਾਲ ਕੈਡਿਟ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸੇਵਾ ਅਤੇ ਲੀਡਰਸ਼ਿਪ ਦੀ ਸਿਖਲਾਈ ਲੈ ਰਹੇ ਹਨ, ਅਮਰੀਕੀ ਫੌਜੀ ਲੀਡਰਸ਼ਿਪ ਦੀ ਮਾੜੀ ਤਸਵੀਰ ਪੇਸ਼ ਕਰਦਾ ਹੈ।
ਏਬੀ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਕਈ ਪੀੜ੍ਹੀਆਂ ਤੋਂ ਫੌਜੀ ਸਹਿਯੋਗ ਰਿਹਾ ਹੈ ਅਤੇ ਮੌਜੂਦਾ ਅੰਤਰਰਾਸ਼ਟਰੀ ਹਾਲਾਤਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
ਕੈਨੇਡਾ ਦੇ ਰੱਖਿਆ ਮੰਤਰੀ ਨੇ ਵੀ ਕੀਤਾ ਵਿਰੋਧ
ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਹੇਗਸੈਥ ਦੀ ਪੋਸਟ ਨੂੰ ਉਨ੍ਹਾਂ ਦੇ ਅਹੁਦੇ ਦੀ “ਗਰਿਮਾ ਤੋਂ ਹੇਠਾਂ” ਦੱਸਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਅਮਰੀਕੀ ਪ੍ਰਸ਼ਾਸਨ ਦੇ ਕੈਨੇਡੀਅਨ ਫੌਜ ਬਾਰੇ ਹਾਲੀਆ ਬਿਆਨਾਂ ਨੂੰ ਉਨ੍ਹਾਂ ਦੇ ਅਹੁਦਿਆਂ ਦੇ ਮੁਕਾਬਲੇ ਅਣਉਚਿਤ ਕਰਾਰ ਦਿੱਤਾ।
ਅਮਰੀਕੀ ਰੱਖਿਆ ਵਿਭਾਗ ਨੇ ਹੇਗਸੈਥ ਦੀ ਪੋਸਟ ਬਾਰੇ ਉੱਠ ਰਹੀ ਆਲੋਚਨਾ ਦੇ ਜਵਾਬ ਵਿੱਚ ਕਿਹਾ ਕਿ “X post speaks for itself”, ਯਾਨੀ ਪੋਸਟ ਆਪਣੇ ਆਪ ਵਿੱਚ ਸਭ ਕੁਝ ਕਹਿੰਦੀ ਹੈ।
ਕੈਡਿਟ ਅਸਲ ਵਿੱਚ ਕੀ ਹੁੰਦੇ ਹਨ?
ਕੈਨੇਡਾ ਦਾ ਕੈਡਿਟ ਪ੍ਰੋਗਰਾਮ 12 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਹੈ। ਇਸ ਦਾ ਮਕਸਦ ਨੌਜਵਾਨਾਂ ਨੂੰ ਲੀਡਰਸ਼ਿਪ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਹੋਰ ਹੁਨਰ ਸਿਖਾਉਣਾ ਹੈ। ਕੈਡਿਟ ਪ੍ਰੋਗਰਾਮ ਵਿੱਚ ਸ਼ਾਮਲ ਨੌਜਵਾਨ ਕੈਨੇਡੀਅਨ ਹਥਿਆਰਬੰਦ ਫੌਜ ਦੇ ਮੈਂਬਰ ਨਹੀਂ ਹੁੰਦੇ।
ਆਰਮੀ ਕੈਡਿਟ ਲੀਗ ਆਫ਼ ਕੈਨੇਡਾ ਨੇ ਕੈਡਿਟਾਂ ਖ਼ਿਲਾਫ਼ ਆਨਲਾਈਨ ਮਜ਼ਾਕ ਅਤੇ ਅਪਮਾਨਜਨਕ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਲੀਗ ਨੇ ਕਿਹਾ ਕਿ ਆਪਣੇ ਆਪ ਨੂੰ ਬਿਹਤਰ ਬਣਾਉਣ ਅਤੇ ਭਾਈਚਾਰੇ ਦੀ ਸੇਵਾ ਕਰਨ ਲਈ ਕੰਮ ਕਰ ਰਹੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਕਬੂਲਯੋਗ ਨਹੀਂ ਹੈ।
ਕੈਨੇਡਾ-ਅਮਰੀਕਾ ਤਣਾਅ ਵਿਚਕਾਰ ਨਵਾਂ ਵਿਵਾਦ
ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ। ਅਗਸਤ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਰੁਕਣ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਵੱਲੋਂ ਕੈਨੇਡਾ ਅਤੇ ਕੈਨੇਡੀਅਨ ਫੌਜ ਬਾਰੇ ਕਈ ਤਿੱਖੀਆਂ ਟਿੱਪਣੀਆਂ ਸਾਹਮਣੇ ਆ ਚੁੱਕੀਆਂ ਹਨ।
ਕੈਨੇਡਾ ਦੇ ਰੱਖਿਆ ਮੰਤਰੀ ਨੇ ਹਾਲਾਂਕਿ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਸਹਿਯੋਗ ਜਾਰੀ ਹੈ। ਉਨ੍ਹਾਂ ਇਹ ਗੱਲ ਵਿਕਟੋਰੀਆ ਵਿੱਚ ਹੋ ਰਹੀ ਰੱਖਿਆ ਮੁਖੀਆਂ ਦੀ ਕਾਨਫਰੰਸ ਦੌਰਾਨ ਕਹੀ, ਜਿਸ ਵਿੱਚ ਕੈਨੇਡਾ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਫੌਜੀ ਅਧਿਕਾਰੀ ਹਿੱਸਾ ਲੈ ਰਹੇ ਹਨ।



