ਸਰੀ, ਬੀ.ਸੀ. — ਸਰੀ ਦੀ 2026 ਮਿਊਂਸਪਲ ਚੋਣ ਲਈ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਦੌਰ ਅੱਜ, 1 ਸਤੰਬਰ, ਤੋਂ ਸ਼ੁਰੂ ਹੋ ਗਿਆ ਹੈ। ਚੋਣ ਲੜਨ ਦੇ ਇੱਛੁਕ ਉਮੀਦਵਾਰ 11 ਸਤੰਬਰ 2026 ਸ਼ਾਮ 4 ਵਜੇ ਤੱਕ ਆਪਣੀ ਨਾਮਜ਼ਦਗੀ ਜਮ੍ਹਾਂ ਕਰਵਾ ਸਕਦੇ ਹਨ।
ਇਸ ਵਾਰ ਸਰੀ ਦੇ ਵੋਟਰ ਇੱਕ ਮੇਅਰ, ਅੱਠ ਕੌਂਸਲਰ ਅਤੇ ਸਰੀ ਸਕੂਲ ਡਿਸਟ੍ਰਿਕਟ ਨੰਬਰ 36 ਲਈ ਛੇ ਸਕੂਲ ਟਰੱਸਟੀ ਚੁਣਨਗੇ। ਆਮ ਵੋਟਿੰਗ ਦਿਵਸ 17 ਅਕਤੂਬਰ 2026 ਨੂੰ ਹੋਵੇਗਾ।
ਉਮੀਦਵਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ
ਸਰੀ ਸਿਟੀ ਮੁਤਾਬਕ ਉਮੀਦਵਾਰਾਂ ਨੂੰ ਆਪਣਾ ਪੂਰਾ ਨਾਮਜ਼ਦਗੀ ਪੈਕੇਜ ਜਮ੍ਹਾਂ ਕਰਵਾਉਣ ਲਈ ਸਿਟੀ ਹਾਲ ਦੇ Legislative Services ਵਿਭਾਗ ਵਿੱਚ ਅਪਾਇੰਟਮੈਂਟ ਲੈਣੀ ਹੋਵੇਗੀ। ਨਾਮਜ਼ਦਗੀ ਪੈਕੇਜ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 11 ਸਤੰਬਰ ਸ਼ਾਮ 4 ਵਜੇ ਹੈ।
ਮੇਅਰ, ਕੌਂਸਲਰ ਜਾਂ ਸਕੂਲ ਟਰੱਸਟੀ ਲਈ ਚੋਣ ਲੜਨ ਵਾਲੇ ਵਿਅਕਤੀ ਦੀ ਉਮਰ ਆਮ ਚੋਣ ਵਾਲੇ ਦਿਨ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਕੈਨੇਡੀਅਨ ਨਾਗਰਿਕ ਹੋਵੇ ਅਤੇ ਨਾਮਜ਼ਦਗੀ ਦੇ ਦਿਨ ਤੋਂ ਪਹਿਲਾਂ ਘੱਟੋ-ਘੱਟ ਛੇ ਮਹੀਨੇ ਤੋਂ ਬ੍ਰਿਟਿਸ਼ ਕੋਲੰਬੀਆ ਦਾ ਵਸਨੀਕ ਹੋਣਾ ਲਾਜ਼ਮੀ ਹੈ।
ਉਮੀਦਵਾਰ ਲਈ ਸਰੀ ਵਿੱਚ ਰਹਿਣਾ ਲਾਜ਼ਮੀ ਨਹੀਂ ਹੈ, ਪਰ ਨਾਮਜ਼ਦਗੀ ਲਈ ਦੋ ਯੋਗ ਸਰੀ ਵੋਟਰਾਂ ਦੀ ਨਾਮਜ਼ਦਗੀ ਲੋੜੀਂਦੀ ਹੈ। ਸਰੀ ਸਿਟੀ ਜਾਂ ਸਰੀ ਸਕੂਲ ਡਿਸਟ੍ਰਿਕਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵੀ ਚੋਣ ਲੜਨ ਸਬੰਧੀ ਖਾਸ ਨਿਯਮ ਲਾਗੂ ਹੁੰਦੇ ਹਨ।
ਚੋਣ ਦੀਆਂ ਅਹਿਮ ਤਰੀਕਾਂ
ਨਾਮਜ਼ਦਗੀ ਖ਼ਤਮ ਹੋਣ ਤੋਂ ਬਾਅਦ 15 ਸਤੰਬਰ ਸ਼ਾਮ 4 ਵਜੇ ਤੱਕ ਕਿਸੇ ਉਮੀਦਵਾਰ ਦੀ ਨਾਮਜ਼ਦਗੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਉਮੀਦਵਾਰਾਂ ਲਈ ਚੋਣ ਤੋਂ ਹਟਣ ਦੀ ਆਖਰੀ ਮਿਤੀ 18 ਸਤੰਬਰ ਸ਼ਾਮ 4 ਵਜੇ ਹੈ। ਇਸ ਤੋਂ ਬਾਅਦ ਅਧਿਕਾਰਤ ਚੋਣ ਮੁਹਿੰਮ ਦਾ ਦੌਰ 19 ਸਤੰਬਰ ਤੋਂ ਸ਼ੁਰੂ ਹੋਵੇਗਾ।
ਅਗਾਊਂ ਵੋਟਿੰਗ ਲਈ 7, 10, 14 ਅਤੇ 15 ਅਕਤੂਬਰ ਨੂੰ ਮੌਕੇ ਦਿੱਤੇ ਜਾਣਗੇ, ਜਦਕਿ ਮੁੱਖ ਵੋਟਿੰਗ 17 ਅਕਤੂਬਰ ਨੂੰ ਹੋਵੇਗੀ।
ਚੋਣ ਨਾਲ ਸਬੰਧਤ ਉਮੀਦਵਾਰਾਂ ਦੀ ਜਾਣਕਾਰੀ ਅਤੇ ਨਾਮਜ਼ਦਗੀ ਦਸਤਾਵੇਜ਼ ਸਰੀ ਸਿਟੀ ਵੱਲੋਂ ਉਪਲਬਧ ਕਰਵਾਏ ਗਏ ਹਨ। ਨਾਮਜ਼ਦਗੀ ਦੌਰ ਸ਼ੁਰੂ ਹੋਣ ਨਾਲ ਹੁਣ ਸਰੀ ਦੀ ਸਥਾਨਕ ਰਾਜਨੀਤੀ ਵਿੱਚ ਚੋਣ ਮੁਹਿੰਮ ਵੀ ਤੇਜ਼ ਹੋਣ ਦੀ ਉਮੀਦ ਹੈ।



