HomeCanada‘ਤੂੰ ਅਗਲਾ ਵਰਕਾ ਫਰੋਲ’ ਨਾਟਕ 27 ਸਤੰਬਰ ਨੂੰ ਤਾਜ ਪਾਰਕ ਸਰੀ ਵਿਖੇ...

‘ਤੂੰ ਅਗਲਾ ਵਰਕਾ ਫਰੋਲ’ ਨਾਟਕ 27 ਸਤੰਬਰ ਨੂੰ ਤਾਜ ਪਾਰਕ ਸਰੀ ਵਿਖੇ ਡਾ. ਸਾਹਿਬ ਸਿੰਘ ਦੀ ਇੱਕ-ਪਾਤਰੀ ਪੇਸ਼ਕਾਰੀ

ਸਰੀ, ਬੀ.ਸੀ. (ਰਵੀ ਕਾਂਤ ਸ਼ਰਮਾ): ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਉੱਘੇ ਨਾਟਕਕਾਰ ਅਤੇ ਰੰਗਕਰਮੀ ਡਾ. ਸਾਹਿਬ ਸਿੰਘ ਦਾ ਨਵਾਂ ਇੱਕ-ਪਾਤਰੀ ਨਾਟਕ ‘ਤੂੰ ਅਗਲਾ ਵਰਕਾ ਫਰੋਲ’ 27 ਸਤੰਬਰ 2026, ਦਿਨ ਐਤਵਾਰ ਨੂੰ ਸਰੀ ਦੇ ਤਾਜ ਪਾਰਕ ਕਨਵੈਨਸ਼ਨ ਹਾਲ ਵਿਖੇ ਪੇਸ਼ ਕੀਤਾ ਜਾਵੇਗਾ। ਪੰਜਾਬ ਭਵਨ ਸਰੀ ਅਤੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਪੇਸ਼ਕਾਰੀ ਨੂੰ ਲੈ ਕੇ ਪੰਜਾਬੀ ਸਾਹਿਤ ਅਤੇ ਰੰਗਮੰਚ ਪ੍ਰੇਮੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।

ਡਾ. ਸਾਹਿਬ ਸਿੰਘ ਦਾ ਨਾਮ ਅੱਜ ਪੰਜਾਬੀ ਨਾਟਕ ਦੇ ਖੇਤਰ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਹੁਣ ਤੱਕ ਅਨੇਕਾਂ ਨਾਟਕ ਲਿਖਣ ਅਤੇ ਮੰਚਿਤ ਕਰਨ ਦੇ ਨਾਲ-ਨਾਲ ਆਪਣੀਆਂ ਇੱਕ-ਪਾਤਰੀ ਪੇਸ਼ਕਾਰੀਆਂ ਰਾਹੀਂ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਮੁੱਦਿਆਂ ਨੂੰ ਦਰਸ਼ਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਂਦੇ ਆ ਰਹੇ ਹਨ। ਕੈਨੇਡਾ ਵੱਸਦੇ ਪੰਜਾਬੀਆਂ ਵੱਲੋਂ ਉਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਮਿਲ ਰਹੇ ਪਿਆਰ ਅਤੇ ਮੰਗ ਦੇ ਚਲਦਿਆਂ ਉਹ ਸਮੇਂ-ਸਮੇਂ ‘ਤੇ ਕੈਨੇਡਾ ਵਿੱਚ ਵੀ ਆਪਣੇ ਨਾਟਕ ਪੇਸ਼ ਕਰਦੇ ਹਨ।

ਪੰਜਾਬ ਦੀ ਤ੍ਰਾਸਦੀ ਤੋਂ ਭਵਿੱਖ ਦੀ ਦਿਸ਼ਾ ਤੱਕ

ਪ੍ਰਬੰਧਕਾਂ ਅਨੁਸਾਰ ‘ਤੂੰ ਅਗਲਾ ਵਰਕਾ ਫਰੋਲ’ ਦੀ ਕਹਾਣੀ ਪ੍ਰਸਿੱਧ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਅਮਰ ਕਵਿਤਾ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਦੀਆਂ ਭਾਵਨਾਵਾਂ ਤੋਂ ਅੱਗੇ ਤੁਰਦੀ ਹੈ। ਨਾਟਕ ਵਿੱਚ ਪੰਜਾਬ ਦੇ ਇਤਿਹਾਸ, ਵੰਡ ਦੇ ਦੁਖਾਂਤ, ਲੋਕਾਂ ਦੇ ਸੰਘਰਸ਼ ਅਤੇ ਬਦਲਦੇ ਸਮਾਜਿਕ ਹਾਲਾਤਾਂ ਨੂੰ ਕੇਂਦਰ ਵਿੱਚ ਰੱਖਦਿਆਂ ਅਤੀਤ ਤੋਂ ਵਰਤਮਾਨ ਅਤੇ ਭਵਿੱਖ ਵੱਲ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ।

ਡੇਢ ਘੰਟੇ ਦੇ ਇਸ ਇੱਕ-ਪਾਤਰੀ ਨਾਟਕ ਨੂੰ ਮੁੱਖ ਤੌਰ ‘ਤੇ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚ 1947 ਦੀ ਵੰਡ ਦਾ ਦੁਖਾਂਤ, ਸਥਾਪਤੀ ਦੀ ਜੱਦੋਜਹਿਦ, ਸਮਾਜਿਕ ਵਰਤਾਰਿਆਂ ਦਾ ਪ੍ਰਭਾਵ ਅਤੇ ਮੌਜੂਦਾ ਪੀੜ੍ਹੀ ਦੇ ਰੁਝਾਨ ਨੂੰ ਪੇਸ਼ ਕੀਤਾ ਜਾਵੇਗਾ।

ਨਾਟਕ ਰਾਹੀਂ 1947 ਤੋਂ ਲੈ ਕੇ ਅੱਜ ਤੱਕ ਪੰਜਾਬੀਆਂ ਵੱਲੋਂ ਹੰਢਾਏ ਦੁੱਖ-ਸੁੱਖ, ਪ੍ਰਾਪਤੀਆਂ, ਨੁਕਸਾਨਾਂ, ਚਿੰਤਾਵਾਂ ਅਤੇ ਸਮਾਜਿਕ ਤਬਦੀਲੀਆਂ ਦਾ ਲੇਖਾ-ਜੋਖਾ ਦਰਸ਼ਕਾਂ ਸਾਹਮਣੇ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਿਰਫ਼ ਬੀਤੇ ਸਮੇਂ ਨੂੰ ਯਾਦ ਕਰਨ ਦੀ ਬਜਾਏ ‘ਅਗਲਾ ਵਰਕਾ’ ਕਿਵੇਂ ਫਰੋਲਿਆ ਜਾਵੇ ਅਤੇ ਆਉਣ ਵਾਲੀ ਪੀੜ੍ਹੀ ਲਈ ਕਿਹੜੀ ਦਿਸ਼ਾ ਅਪਣਾਈ ਜਾਵੇ, ਇਸ ਬਾਰੇ ਵੀ ਸੋਚਣ ਲਈ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।

ਸਰੀ ਦੇ ਪੰਜਾਬੀ ਭਾਈਚਾਰੇ ਦਾ ਸਹਿਯੋਗ

ਪੇਸ਼ਕਾਰੀ ਦੇ ਪ੍ਰਬੰਧ ਵਿੱਚ ਸ਼ਾਇਰ ਕਵਿੰਦਰ ਚਾਂਦ, ਅਮਰੀਕ ਪਲਾਹੀ ਅਤੇ ਹਰਭਜਨ ਗਿੱਲ ਵੱਲੋਂ ਪਹਿਲਕਦਮੀ ਕੀਤੀ ਗਈ ਹੈ। ਇਸ ਸਮਾਗਮ ਨੂੰ ਪੰਜਾਬ ਭਵਨ ਸਰੀ ਦੇ ਸੁੱਖੀ ਬਾਠ ਵੱਲੋਂ ਵੀ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਦਰਸ਼ਕਾਂ ਦੀ ਸੰਭਾਵਿਤ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਕੁਲਤਾਰਜੀਤ ਸਿੰਘ ਥਿਆੜਾ ਵੱਲੋਂ ਖੁੱਲ੍ਹਦਿਲੀ ਨਾਲ ਵੱਡਾ ਹਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਭਵਿੱਖ ਵਿੱਚ ਵੀ ਸਾਹਿਤਕ ਅਤੇ ਸੱਭਿਆਚਾਰਕ ਕਾਰਜਾਂ ਲਈ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ।

ਪ੍ਰਬੰਧਕਾਂ ਨੇ ਸਰੀ ਅਤੇ ਆਸ-ਪਾਸ ਵੱਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ 27 ਸਤੰਬਰ ਨੂੰ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਤਾਜ ਪਾਰਕ ਕਨਵੈਨਸ਼ਨ ਹਾਲ, 132 ਸਟਰੀਟ ਵਿਖੇ ਦੁਪਹਿਰ 12 ਵਜੇ ਪਹੁੰਚਣ ਅਤੇ ਇਸ ਵਿਲੱਖਣ ਨਾਟਕ ਦੀ ਪੇਸ਼ਕਾਰੀ ਦਾ ਹਿੱਸਾ ਬਣਨ।

                                                                         ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਨਾਟਕ ਨਹੀਂ, ਸਗੋਂ ਪੰਜਾਬ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨਾਲ ਜੁੜੇ ਸਵਾਲਾਂ ‘ਤੇ ਵਿਚਾਰ ਕਰਨ ਦਾ ਇੱਕ ਮੌਕਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments