HomeCanadaਕੈਨੇਡਾ-ਅਮਰੀਕਾ ਵਪਾਰਕ ਤਣਾਅ: ਪ੍ਰਧਾਨ ਮੰਤਰੀ ਅਤੇ ‘ਟੀਮ ਕੈਨੇਡਾ’ ਦੇ ਹੱਕ ਵਿੱਚ ਡਟਿਆ...

ਕੈਨੇਡਾ-ਅਮਰੀਕਾ ਵਪਾਰਕ ਤਣਾਅ: ਪ੍ਰਧਾਨ ਮੰਤਰੀ ਅਤੇ ‘ਟੀਮ ਕੈਨੇਡਾ’ ਦੇ ਹੱਕ ਵਿੱਚ ਡਟਿਆ ਸਰੀ ਸ਼ਹਿਰ

ਸਰੀ (ਬਿਊਰੋ):ਕੈਨੇਡਾ ਅਤੇ ਅਮਰੀਕਾ ਵਿਚਾਲੇ ਪੈਦਾ ਹੋਏ ਤਾਜ਼ਾ ਵਪਾਰਕ ਤਣਾਅ ਦੇ ਜਵਾਬ ਵਿੱਚ ਸਰੀ ਸ਼ਹਿਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ‘ਟੀਮ ਕੈਨੇਡਾ’ ਦੇ ਨਾਲ ਦ੍ਰਿੜਤਾ ਨਾਲ ਖੜ੍ਹਾ ਹੋ ਗਿਆ ਹੈ। ਸਰੀ ਪ੍ਰਸ਼ਾਸਨ ਨੇ ਸੰਘੀ (ਫੈਡਰਲ) ਸਰਕਾਰ ਵੱਲੋਂ ਦੇਸ਼ ਹਿੱਤ ਵਿੱਚ ਲਏ ਗਏ ਫ਼ੈਸਲਿਆਂ ਦਾ ਪੁਰਜ਼ੋਰ ਸਮਰਥਨ ਕੀਤਾ ਹੈ।
ਇਸ ਸਬੰਧੀ ਅਹਿਮ ਰੁਖ਼ ਸਪੱਸ਼ਟ ਕਰਦਿਆਂ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਇੱਕ ਅਣਉੱਚਿਤ ਸਮਝੌਤੇ ਨੂੰ ਰੱਦ ਕਰਕੇ ਬਿਲਕੁਲ ਸਹੀ ਫ਼ੈਸਲਾ ਲਿਆ ਹੈ, ਕਿਉਂਕਿ ਇਸ ਮਾੜੇ ਸਮਝੌਤੇ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਦਾ ਸੀ ਅਤੇ ਦੇਸ਼ ਦੀ ਖ਼ੁਦਮੁਖ਼ਤਿਆਰੀ ਕਮਜ਼ੋਰ ਹੋ ਸਕਦੀ ਸੀ। ਕੈਨੇਡਾ ਨੇ ਹਮੇਸ਼ਾ ਸਦਭਾਵਨਾ ਨਾਲ ਗੱਲਬਾਤ ਕੀਤੀ ਹੈ, ਪਰ ਕੋਈ ਵੀ ਸਮਾਂ-ਸੀਮਾ ਜਾਂ ਟੈਰਿਫ਼ ਦੀ ਧਮਕੀ ਦੇਸ਼ ਨੂੰ ਇੱਕ ਪੱਖਪਾਤੀ ਸਮਝੌਤਾ ਸਵੀਕਾਰ ਕਰਨ ਲਈ ਮਜਬੂਰ ਨਹੀਂ ਕਰ ਸਕਦੀ। ਕੈਨੇਡਾ ਨੂੰ ਆਪਣੇ ਭਵਿੱਖ ਬਾਰੇ ਖ਼ੁਦ ਫ਼ੈਸਲਾ ਕਰਨ ਦਾ ਪੂਰਾ ਹੱਕ ਹੈ ਅਤੇ ਕੈਨੇਡੀਅਨਾਂ ਨੂੰ ਇਸ ਦੀ ਰੱਖਿਆ ਲਈ ਇੱਕਜੁੱਟ ਹੋਣਾ ਚਾਹੀਦਾ ਹੈ।
50 ਪ੍ਰਤੀਸ਼ਤ ਟੈਰਿਫ਼ ਨਾਲ ਦੋਵਾਂ ਪਾਸਿਆਂ ਦਾ ਹੋਵੇਗਾ ਨੁਕਸਾਨ
ਅਮਰੀਕਾ ਵੱਲੋਂ ਕੈਨੇਡਾ ਦੇ ਅਰਬਾਂ ਡਾਲਰ ਮੁੱਲ ਦੇ ਸਮਾਨ ‘ਤੇ 50 ਪ੍ਰਤੀਸ਼ਤ ਟੈਰਿਫ਼ ਲਗਾਉਣ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਅਣਉੱਚਿਤ ਕਰਾਰ ਦਿੱਤਾ ਗਿਆ ਹੈ। ਇਸ ਦਾ ਸਿੱਧਾ ਨੁਕਸਾਨ ਸਰਹੱਦ ਦੇ ਦੋਵੇਂ ਪਾਸਿਆਂ ਦੇ ਕਾਮਿਆਂ, ਕਾਰੋਬਾਰਾਂ ਅਤੇ ਆਮ ਪਰਿਵਾਰਾਂ ਨੂੰ ਝੱਲਣਾ ਪਵੇਗਾ। ਸਰੀ ਸ਼ਹਿਰ, ਫੈਡਰਲ ਸਰਕਾਰ ਦੀ ਮਜ਼ਬੂਤ ਪ੍ਰਤੀਕ੍ਰਿਆ ਅਤੇ ਕੈਨੇਡੀਅਨ ਨੌਕਰੀਆਂ ਤੇ ਉਦਯੋਗਾਂ ਦੀ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਪੂਰਾ ਸਮਰਥਨ ਕਰਦਾ ਹੈ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੈਨੇਡਾ ਨੂੰ ਨਾ ਤਾਂ ਡਰਾਇਆ ਜਾ ਸਕਦਾ ਹੈ, ਨਾ ਵੰਡਿਆ ਜਾ ਸਕਦਾ ਹੈ ਅਤੇ ਨਾ ਹੀ ਆਪਣੇ ਭਵਿੱਖ ਦੇ ਕੰਟਰੋਲ ਤੋਂ ਹੱਥ ਖਿੱਚਣ ਲਈ ਮਜਬੂਰ ਕੀਤਾ ਜਾ ਸਕਦਾ ਹੈ।
ਸਰੀ ਲਵੇਗਾ ਅਹਿਮ ਫ਼ੈਸਲੇ; ਕੈਨੇਡੀਅਨ ਉਤਪਾਦਾਂ ਨੂੰ ਮਿਲੇਗੀ ਪਹਿਲ
ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੇ ਸ਼ਹਿਰਾਂ ਵਿੱਚੋਂ ਇੱਕ ਹੋਣ ਦੇ ਨਾਤੇ, ਅਤੇ ਵੱਡੇ ਉਦਯੋਗਾਂ, ਕਾਰੋਬਾਰਾਂ ਤੇ ਵਪਾਰਕ ਰਸਤਿਆਂ ਦਾ ਕੇਂਦਰ ਹੋਣ ਕਰਕੇ ਸਰੀ ਦੀ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਹੈ। ਇਸੇ ਸਬੰਧ ਵਿੱਚ ਸ਼ਹਿਰ ਦੇ ਸਟਾਫ਼ ਨੂੰ ਸਰੀ ਦੇ ਖ਼ਰੀਦ ਪ੍ਰਬੰਧਾਂ (Procurement arrangements) ਦੀ ਡੂੰਘਾਈ ਨਾਲ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਜਿੱਥੇ ਵੀ ਸੰਭਵ ਹੋਵੇ, ਕੈਨੇਡੀਅਨ ਕਾਰੋਬਾਰਾਂ, ਉਤਪਾਦਾਂ ਅਤੇ ਕਾਮਿਆਂ ਨੂੰ ਸਮਰਥਨ ਦੇਣ ਦੇ ਮੌਕਿਆਂ ਦੀ ਪਛਾਣ ਕੀਤੀ ਜਾ ਸਕੇ।
ਸਰੀ ਪ੍ਰਸ਼ਾਸਨ ਆਪਣੇ ਫੈਡਰਲ ਅਤੇ ਸੂਬਾਈ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗਾ ਅਤੇ ਸਰੀ ਦੇ ਕਾਰੋਬਾਰੀ ਭਾਈਚਾਰੇ ਤੇ ਉਨ੍ਹਾਂ ਲੋਕਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਰਹੇਗਾ ਜਿਨ੍ਹਾਂ ਦੀਆਂ ਨੌਕਰੀਆਂ ਅਤੇ ਰੋਜ਼ੀ-ਰੋਟੀ ਇਸ ਵਪਾਰਕ ਜੰਗ ਕਾਰਨ ਖ਼ਤਰੇ ਵਿੱਚ ਹਨ। ਅਸੀਂ ਅਮਰੀਕਾ ਨਾਲ ਮਜ਼ਬੂਤ ਅਤੇ ਨਿਆਂਪੂਰਨ ਸੰਬੰਧਾਂ ਦੀ ਕਦਰ ਕਰਦੇ ਹਾਂ, ਪਰ ਇਹ ਸਬੰਧ ਕੈਨੇਡਾ ਦੀ ਆਜ਼ਾਦੀ ਪ੍ਰਤੀ ਨਿਆਂ, ਭਰੋਸੇ ਅਤੇ ਸਤਿਕਾਰ ’ਤੇ ਆਧਾਰਿਤ ਹੋਣੇ ਚਾਹੀਦੇ ਹਨ। ਸਰੀ ਦਾ ਰੁਖ਼ ਬਿਲਕੁਲ ਸਾਫ਼ ਹੈ: ਅਸੀਂ ਆਪਣੇ ਕਾਮਿਆਂ, ਕਾਰੋਬਾਰਾਂ ਅਤੇ ਕੈਨੇਡਾ ਦੇ ਨਾਲ ਖੜ੍ਹੇ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments