ਵੈਨਕੂਵਰ, ਸਤੰਬਰ (ਰਵੀ ਕਾਂਤ ਸ਼ਰਮਾ) — ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸ਼ਹਿਰ ਸਰੀ ਦੇ ਬਾਹਰਵਾਰ 4915 ਰੇਲਵੇ ਰੋਡ ਨੇੜੇ ਹਰਿਆਵਲੇ ਖੇਤਾਂ ਵਿੱਚ ਸਥਿਤ ‘ਪਿੰਡ ਪੰਜਾਬ’ ਦੇ ਖੁੱਲ੍ਹੇ ਵਿਹੜੇ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਗਿਆ ਇੱਕ ਰੋਜ਼ਾ ਪੰਜਾਬੀ ਵਿਰਾਸਤੀ ਮੇਲਾ ਯਾਦਗਾਰੀ ਹੋ ਨਿਬੜਿਆ। ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਲੋਕ-ਵਿਰਸੇ, ਪੁਰਾਤਨ ਜੀਵਨ-ਜਾਚ ਅਤੇ ਲੋਕ ਕਲਾਵਾਂ ਦੀਆਂ ਵੱਖ-ਵੱਖ ਝਲਕੀਆਂ ਨੇ ਹਾਜ਼ਰੀਨ ਨੂੰ ਪੰਜਾਬ ਦੀ ਮਿੱਟੀ ਅਤੇ ਪੁਰਾਣੇ ਪੇਂਡੂ ਜੀਵਨ ਨਾਲ ਜੋੜੀ ਰੱਖਿਆ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੌਮੋ ਨਾਲ ਸਬੰਧਤ ‘ਪਿੰਡ ਪੰਜਾਬ’ ਦੇ ਸੰਸਥਾਪਕ ਨਵਲਪ੍ਰੀਤ ਸਿੰਘ ਰੰਗੀ ਨੇ ਦੱਸਿਆ ਕਿ ਮੇਲੇ ਦਾ ਮੁੱਖ ਮਕਸਦ ਵਿਦੇਸ਼ੀ ਧਰਤੀ ’ਤੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਜੀਵੰਤ ਰੱਖਣਾ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਸੀ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਨਿਰੋਲ ਪੰਜਾਬੀ ਸੱਭਿਆਚਾਰ ਨਾਲ ਰੰਗਿਆ ਹੋਇਆ ਮਾਹੌਲ ਸਿਰਜਿਆ ਗਿਆ, ਜਿਸ ਵਿੱਚ ਪੰਜਾਬ ਦੇ ਪੁਰਾਤਨ ਪੇਂਡੂ ਜੀਵਨ ਦੀ ਝਲਕ ਸਾਫ਼ ਨਜ਼ਰ ਆਈ।
ਮੇਲੇ ਵਿੱਚ ਭੰਗੜਾ, ਗਿੱਧਾ ਅਤੇ ਲੋਕ ਸੰਗੀਤ ਤੋਂ ਇਲਾਵਾ ਪੰਜਾਬ ਦੀ ਪੁਰਾਤਨ ਖੇਤੀਬਾੜੀ ਨਾਲ ਸਬੰਧਤ ਔਜ਼ਾਰਾਂ ਅਤੇ ਪੁਰਾਣੇ ਸਮੇਂ ਵਿੱਚ ਪੰਜਾਬੀ ਸੁਆਣੀਆਂ ਵੱਲੋਂ ਘਰੇਲੂ ਰਸੋਈ ਵਿੱਚ ਵਰਤੀਆਂ ਜਾਂਦੀਆਂ ਵਸਤੂਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਮੇਲੇ ਵਿੱਚ ਪਹੁੰਚੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਬਜ਼ੁਰਗਾਂ ਨੇ ਇਨ੍ਹਾਂ ਵਸਤੂਆਂ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ, ਜਦਕਿ ਨਵੀਂ ਪੀੜ੍ਹੀ ਦੇ ਬੱਚਿਆਂ ਅਤੇ ਨੌਜਵਾਨਾਂ ਨੇ ਪੰਜਾਬ ਦੇ ਪੁਰਾਤਨ ਜੀਵਨ ਬਾਰੇ ਜਾਣਕਾਰੀ ਹਾਸਲ ਕੀਤੀ।
ਮੇਲੇ ਵਿੱਚ ਪੰਜਾਬੀ ਪੇਂਡੂ ਜੀਵਨ ਨਾਲ ਜੁੜੇ ਰਵਾਇਤੀ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ। ਹਾਜ਼ਰੀਨ ਨੇ ਤਾਜ਼ੇ ਗੰਨੇ ਦੇ ਰਸ, ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਸਮੇਤ ਹੋਰ ਪੰਜਾਬੀ ਪਕਵਾਨਾਂ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਬੱਚੇ ਮੇਲੇ ਵਿੱਚ ਲੱਗੇ ਝੂਲਿਆਂ ਅਤੇ ਹੋਰ ਮਨੋਰੰਜਨ ਦੇ ਸਾਧਨਾਂ ਦਾ ਆਨੰਦ ਲੈਂਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਖੂਬ ਮਸਤੀ ਕੀਤੀ।
ਮੇਅਰ ਬਰੈਂਡਾ ਲੋਕ ਨੇ ਗਿੱਧਾ ਪਾ ਕੇ ਵਧਾਈ ਰੌਣਕ
ਮੇਲੇ ਦੀ ਖ਼ਾਸ ਖਿੱਚ ਸਰੀ ਦੀ ਮੇਅਰ ਬਰੈਂਡਾ ਲੋਕ ਦੀ ਸ਼ਮੂਲੀਅਤ ਰਹੀ। ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੀ ਮੇਅਰ ਬਰੈਂਡਾ ਲੋਕ ਨੇ ਪੰਜਾਬੀ ਮੁਟਿਆਰਾਂ ਨਾਲ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀ ਗਿੱਧੇ ਵਿੱਚ ਸ਼ਮੂਲੀਅਤ ਨੂੰ ਮੇਲੇ ਵਿੱਚ ਮੌਜੂਦ ਲੋਕਾਂ ਨੇ ਉਤਸ਼ਾਹ ਨਾਲ ਦੇਖਿਆ ਅਤੇ ਇਸ ਦੌਰਾਨ ਮਾਹੌਲ ਹੋਰ ਵੀ ਖੁਸ਼ਗਵਾਰ ਬਣ ਗਿਆ।
ਮੇਲੇ ਦੌਰਾਨ ਵੱਖ-ਵੱਖ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਦਿੱਤੀਆਂ ਪੇਸ਼ਕਾਰੀਆਂ ਨੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ। ਕੌਰ ਮਨਦੀਪ, ਹਰਨੇਕ ਸਿੰਘ, ਹਰਮਨ ਰਣਵਿਜੇ, ਨਿਖਲ, ਸੁਰਜੀਤ ਲਵਲੀ, ਬਾਲ ਕਲਾਕਾਰ ਜੀਵਤ ਗਿੱਲ, ਕੁਲਬੀਰ ਤੱਖੜ, ਹਰਦੀਪ ਗਰੇਵਾਲ, ਵਿਜੇ ਯਮਲਾ, ਨਰੇਸ਼ ਕੁਮਾਰ ਅਤੇ ਸਰਦਾਰ ਜੀ ਸਮੇਤ ਹੋਰ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਮੇਲੇ ਨੂੰ ਸੰਗੀਤਕ ਰੰਗ ਦਿੱਤਾ।




