ਦੋ ਸਾਲ ਤੋਂ ਵੱਧ ਚੱਲੀ ਗੁਪਤ ਜਾਂਚ ਤੋਂ ਬਾਅਦ ਕਲਵਿੰਦਰ ਦੋਸਾਂਝ ਗ੍ਰਿਫ਼ਤਾਰ, ਪੁਲਿਸ ਮੁਤਾਬਕ ਮਾਮਲਾ ਹਾਊਸਿੰਗ ਪ੍ਰਾਜੈਕਟਾਂ ਨਾਲ ਸਬੰਧਤ
ਵੈਨਕੂਵਰ, ਬੀ.ਸੀ. — ਵੈਨਕੂਵਰ ਪੁਲਿਸ ਵਿਭਾਗ ਦੇ 26 ਸਾਲਾਂ ਦੇ ਤਜਰਬੇਕਾਰ ਅਧਿਕਾਰੀ ਕਲਵਿੰਦਰ “ਕਲ” ਦੋਸਾਂਝ ਖ਼ਿਲਾਫ਼ ਧੋਖਾਧੜੀ, ਚੋਰੀ ਅਤੇ ਭਰੋਸੇ ਦੀ ਉਲੰਘਣਾ ਦੇ ਕਈ ਦੋਸ਼ ਲਗਾਏ ਗਏ ਹਨ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ 19 ਜਾਣੇ-ਪਛਾਣੇ ਪੀੜਤਾਂ ਨੂੰ ਕੁੱਲ 3 ਮਿਲੀਅਨ ਡਾਲਰ ਤੋਂ ਵੱਧ ਦਾ ਕਥਿਤ ਨੁਕਸਾਨ ਹੋਇਆ ਹੈ।
ਵੈਨਕੂਵਰ ਪੁਲਿਸ ਮੁਖੀ ਚੀਫ ਕਾਂਸਟੇਬਲ ਸਟੀਵ ਰਾਈ ਨੇ ਦੱਸਿਆ ਕਿ ਦੋਸਾਂਝ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀ ਦੋ ਸਾਲ ਤੋਂ ਵੱਧ ਸਮੇਂ ਤੱਕ ਚੱਲੀ ਗੁਪਤ ਜਾਂਚ ਤੋਂ ਬਾਅਦ ਹੋਈ। ਪੁਲਿਸ ਅਨੁਸਾਰ ਮਾਮਲਾ ਹਾਊਸਿੰਗ ਡਿਵੈਲਪਮੈਂਟ ਨਾਲ ਜੁੜੀਆਂ ਕਥਿਤ ਵਿੱਤੀ ਗਤੀਵਿਧੀਆਂ ਨਾਲ ਸਬੰਧਤ ਹੈ।
ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਵੱਲੋਂ ਦੋਸਾਂਝ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ ਦੋਸ਼, 5,000 ਡਾਲਰ ਤੋਂ ਵੱਧ ਦੀ ਚੋਰੀ ਦੇ ਚਾਰ ਦੋਸ਼ ਅਤੇ ਇੱਕ ਭਰੋਸੇ ਦੀ ਉਲੰਘਣਾ ਦਾ ਦੋਸ਼ ਮਨਜ਼ੂਰ ਕੀਤਾ ਗਿਆ ਹੈ। ਅਦਾਲਤੀ ਰਿਕਾਰਡਾਂ ਵਿੱਚ ਸਰਬਜੀਤ ਗਿੱਲ ਨੂੰ ਵੀ ਇਸ ਮਾਮਲੇ ਵਿੱਚ ਸਹਿ-ਦੋਸ਼ੀ ਵਜੋਂ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਕਥਿਤ ਅਪਰਾਧਕ ਗਤੀਵਿਧੀਆਂ ਸਾਲ 2017 ਤੋਂ 2025 ਤੱਕ ਦੇ ਸਮੇਂ ਨਾਲ ਸਬੰਧਤ ਹਨ। ਦਸੰਬਰ 2023 ਵਿੱਚ ਕਈ ਲੋਕਾਂ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ।
ਪੁਲਿਸ ਨੇ ਕਿਹਾ ਹੈ ਕਿ ਹੁਣ ਤੱਕ 19 ਪੀੜਤਾਂ ਦੀ ਪਛਾਣ ਹੋ ਚੁੱਕੀ ਹੈ, ਪਰ ਜਾਂਚ ਜਾਰੀ ਰਹਿਣ ਕਾਰਨ ਪੀੜਤਾਂ ਦੀ ਗਿਣਤੀ ਅਤੇ ਕਥਿਤ ਵਿੱਤੀ ਨੁਕਸਾਨ ਦੀ ਰਕਮ ਵਧ ਸਕਦੀ ਹੈ।
ਕਲਵਿੰਦਰ ਦੋਸਾਂਝ ਸਰੀ ਵਿੱਚ ਸਥਿਤ Kids Play Foundation ਨਾਲ ਵੀ ਜੁੜੇ ਰਹੇ ਹਨ। ਸੰਸਥਾ ਨੌਜਵਾਨਾਂ ਨੂੰ ਗੈਂਗ ਅਤੇ ਨਸ਼ਿਆਂ ਤੋਂ ਦੂਰ ਰੱਖਣ, ਖੇਡਾਂ ਅਤੇ ਹੋਰ ਕਮਿਊਨਿਟੀ ਪ੍ਰੋਗਰਾਮਾਂ ਰਾਹੀਂ ਸਹਾਇਤਾ ਦੇਣ ਲਈ ਕੰਮ ਕਰਦੀ ਹੈ। ਦੋਸਾਂਝ ਨੇ ਆਪਣੇ ਪੁਲਿਸ ਕਰੀਅਰ ਦੌਰਾਨ ਅੰਡਰਕਵਰ ਅਫਸਰ ਅਤੇ ਵਿੱਤੀ ਅਪਰਾਧਾਂ ਅਤੇ ਡਰੱਗ ਯੂਨਿਟ ਸਮੇਤ ਵੱਖ-ਵੱਖ ਭੂਮਿਕਾਵਾਂ ਵਿੱਚ ਸੇਵਾ ਨਿਭਾਈ ਹੈ।
ਵੈਨਕੂਵਰ ਪੁਲਿਸ ਦੇ ਸੁਪਰਡੈਂਟ ਮਾਈਕ ਰਿਚੀ ਮੁਤਾਬਕ ਦੋਸਾਂਝ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁਲਿਸ ਅਧਿਕਾਰੀ ਵਜੋਂ ਅਧਿਕਾਰ ਖਤਮ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਦਾ ਸਰਵਿਸ ਹਥਿਆਰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਪੁਲਿਸ ਮੁਖੀ ਸਟੀਵ ਰਾਈ ਨੇ ਮਾਮਲੇ ਨੂੰ ਵਿਭਾਗ ਲਈ “ਬਹੁਤ ਚਿੰਤਾਜਨਕ” ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ ਦੋਸਾਂਝ ਖ਼ਿਲਾਫ਼ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ। ਕਾਨੂੰਨ ਅਨੁਸਾਰ ਅਦਾਲਤ ਵੱਲੋਂ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਨੂੰ ਬੇਕਸੂਰ ਮੰਨਿਆ ਜਾਂਦਾ ਹੈ।
